ਫੈਕਟਰੀ ’ਚ ਧਮਾਕਾ, 3 ਮੌਤਾਂ

0
103

ਯਾਦਾਦਰੀਭੁਵਨਗਿਰੀ : ਮੰਗਲਵਾਰ ਸ਼ਾਮ ਤਿਲੰਗਾਨਾ ਦੇ ਯਾਦਾਦਰੀਭੁਵਨਗਿਰੀ ਜ਼ਿਲ੍ਹੇ ਦੇ ਮੋਟਾਕੋਂਡੁਰ ਮੰਡਲ ਦੇ ਕਾਟੇਪੱਲੀ ਪਿੰਡ ਵਿਚ ਪ੍ਰੀਮੀਅਰ ਐਕਸਪਲੋਸਿਵਜ਼ ਪ੍ਰਾਈਵੇਟ ਲਿਮਟਿਡ ਵਿੱਚ ਹੋਏ ਧਮਾਕੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਘਟਨਾ ਉਪਰੰਤ ਮਿ੍ਰਤਕਾਂ ਦੇ ਪਰਵਾਰਾਂ ਨੇ ਕੰਪਨੀ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇਨਸਾਫ ਅਤੇ ਮੁਆਵਜ਼ੇ ਦੀ ਮੰਗ ਕੀਤੀ।
ਮੰਦਰ ਦੀ ਕੰਧ ਡਿੱਗੀ, 7 ਮੌਤਾਂ
ਵਿਸ਼ਾਖਾਪਟਨਮ : ਇੱਥੇ ਸਿਮਹਾਚਲਮ ਵਿੱਚ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ’ਚ ਮੀਂਹ ਕਾਰਨ ਕੰਧ ਡਿੱਗਣ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ। ਬੁੱਧਵਾਰ ਸਵੇਰੇ 3 ਵਜੇ ਦੇ ਕਰੀਬ ਸਿਮਹਾਗਿਰੀ ਬੱਸ ਸਟੈਂਡ ਤੋਂ ਘਾਟ ਰੋਡ ’ਤੇ ਸ਼ਾਪਿੰਗ ਕੰਪਲੈਕਸ ਦੇ ਟਿਕਟ ਲਈ ਲੱਗੀ ਕਤਾਰ ’ਤੇ ਕੰਧ ਡਿੱਗੀ।
ਸਿਸੋਦੀਆ ਤੇ ਜੈਨ ’ਤੇ ਕਲਾਸ ਰੂਮ ਘੁਟਾਲੇ ਦਾ ਕੇਸ ਦਰਜ
ਨਵੀਂ ਦਿੱਲੀ : ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ (ਏ ਸੀ ਬੀ) ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 12,748 ਕਲਾਸ ਰੂਮਾਂ ਦੀ ਉਸਾਰੀ ਵਿਚ ਕਥਿਤ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਹੈ। ਏ ਸੀ ਬੀ ਨੇ ਕਿਹਾ ਹੈ ਕਿ ਇਹ ਘੁਟਾਲਾ ਲੱਗਭੱਗ 2,000 ਕਰੋੜ ਰੁਪਏ ਦਾ ਹੈ, ਜਿਸ ਵਿੱਚ ਬਹੁਤ ਜ਼ਿਆਦਾ ਦਰਾਂ ’ਤੇ ਠੇਕੇ ਦੇਣਾ ਸ਼ਾਮਲ ਹੈ। ਕਲਾਸ ਰੂਮ 24.86 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਨ, ਜੋ ਕਿ ਆਮ ਲਾਗਤ ਤੋਂ ਲੱਗਭੱਗ ਪੰਜ ਗੁਣਾ ਜ਼ਿਆਦਾ ਸੀ। ਇਹ ਪ੍ਰੋਜੈਕਟ ਕਥਿਤ ਤੌਰ ’ਤੇ ‘ਆਪ’ ਨਾਲ ਜੁੜੇ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ।
ਹੋਟਲ ’ਚ ਅੱਗ, 15 ਮੌਤਾਂ
ਕੋਲਕਾਤਾ : ਫਾਲਪੱਟੀ ਮਛੁਆ ਇਲਾਕੇ ਵਿੱਚ ਮੰਗਲਵਾਰ ਸ਼ਾਮ ਹੋਟਲ ’ਚ ਭਿਆਨਕ ਅੱਗ ਲੱਗਣ ਕਾਰਨ ਇੱਕ ਬੱਚੇ ਤੇ ਦੋ ਔਰਤਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ। ਘਟਨਾ ਸਮੇਂ 42 ਕਮਰਿਆਂ ਵਿੱਚ 88 ਮਹਿਮਾਨ ਸਨ। ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾਂਦੀ ਹੈ। ਬਚਣ ਲਈ ਕਈ ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰ ਦਿੱਤੀਆਂ।