ਨਵੀਂ ਦਿੱਲੀ : ਸਰਕਾਰ ਨੇ ਕਸ਼ਮੀਰ ਤੋਂ ਅਫਗਾਨਿਸਤਾਨ ਤੇ ਰੂਸ ਤੱਕ ਪਾਕਿਸਤਾਨ ਦੇ ਆਲਮੀ ਦਹਿਸ਼ਤੀ ਸਿਲਸਿਲੇ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੀ ਇੱਕ ਮਿਸਲ ਜਾਰੀ ਕੀਤੀ ਹੈ। ਦਸਤਾਵੇਜ਼ ਵਿੱਚ ਲਹਿੰਦੇ ਪੰਜਾਬ, ਖ਼ੈਬਰ ਪਖ਼ਤੂਨਖ਼ਵਾ (ਜਿਸ ਨੂੰ ਪਹਿਲਾਂ ਸੂਬਾ ਸਰਹੱਦ ਕਿਹਾ ਜਾਂਦਾ ਸੀ), ਵਜ਼ੀਰਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਰਗੇ ਸੂਬਿਆਂ ਵਿੱਚ ਪਾਕਿਸਤਾਨ ਦੀ ਮੇਜ਼ਬਾਨੀ ’ਚ ਚਲਾਏ ਜਾ ਰਹੇ ਅੱਤਵਾਦੀ ਸਿਖਲਾਈ ਕੈਂਪਾਂ ਦੀ ਸੂਚੀ ਸ਼ਾਮਲ ਹੈ। ਅਧਿਕਾਰਤ ਸੂਤਰਾਂ ਨੇ ਕਿਹਾ, “ਇਹ ਕੈਂਪ, ਜੋ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਅਤੇ ਆਈ ਐੱਸ ਆਈ ਐੱਸ-ਖੁਰਾਸਨ ਵਰਗੀਆਂ ਕੌਮਾਂਤਰੀ ਦਹਿਸ਼ਤੀ ਜਥੇਬੰਦੀਆਂ ਵੱਲੋਂ ਚਲਾਏ ਜਾਂਦੇ ਹਨ, ਲੋਕਾਂ ਨੂੰ ਕੱਟੜ ਬਣਾਉਣ, ਹਥਿਆਰਾਂ ਦੀ ਸਿਖਲਾਈ ਅਤੇ ਫਿਦਾਈਨ ਮਿਸ਼ਨਾਂ ਦੀ ਤਿਆਰੀ ਲਈ ਕੇਂਦਰ ਵਜੋਂ ਕੰਮ ਕਰਦੇ ਹਨ। ਪਾਕਿਸਤਾਨੀ ਫੌਜ ਦੇ ਸਾਬਕਾ ਅਧਿਕਾਰੀ ਅਕਸਰ ਸਿਖਲਾਈ ਵਿੱਚ ਸਹਾਇਤਾ ਕਰਦੇ ਹਨ, ਮਾਰੂ ਤਾਕਤ ਨੂੰ ਵਧਾਉਣ ਲਈ ਫੌਜੀ ਮੁਹਾਰਤ ਦਿੰਦੇ ਹਨ।’’
ਪਾਕਿਸਤਾਨ ਵੱਲੋਂ ਅੱਤਵਾਦੀ ਨੈੱਟਵਰਕਾਂ ਨੂੰ ਮਦਦ ਦਿੱਤੇ ਜਾਣ ਦੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਇਕਬਾਲੀਆ ਬਿਆਨ ਦਾ ਹਵਾਲਾ ਦਿੰਦਿਆਂ ਪਿਛਲੇ ਦਿਨੀਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਆਲਮੀ ਅੱਤਵਾਦ ਨੂੰ ਹੁਲਾਰਾ ਦੇਣ ਵਾਲੇ ਇੱਕ ‘ਗੁੰਡਾ’ ਮੁਲਕ ਵਜੋਂ ਚਿਹਰਾ ਸਭ ਦੇ ਸਾਹਮਣੇ ਆ ਚੁੱਕਾ ਹੈ।
ਦਸਤਾਵੇਜ਼ ਵਿੱਚ ਦੁਨੀਆ ਦੀਆਂ ਸਭ ਤੋਂ ਖਤਰਨਾਕ ਅਤੇ ਅਸਥਿਰ ਤਾਕਤਾਂ ਵਿੱਚੋਂ ਇੱਕ ਵਜੋਂ ਅੱਤਵਾਦ ਨੂੰ ਸਪਾਂਸਰ ਕਰਨ, ਪਨਾਹ ਦੇਣ ਅਤੇ ਦੂਜੇ ਮੁਲਕਾਂ ਵਿਚ ਬਰਾਮਦ ਕਰਨ ਸੰਬੰਧੀ ਪਾਕਿਸਤਾਨ ਦੇ ਰਿਕਾਰਡ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦਹਾਕਿਆਂ ਤੋਂ ਪਾਕਿਸਤਾਨ ਦੀ ਧਰਤੀ ਨੂੰ ਸਰਹੱਦ ਪਾਰ ਅੱਤਵਾਦ, ਬਗਾਵਤ ਅਤੇ ਕੱਟੜਪੰਥੀ ਵਿਚਾਰਧਾਰਾ ਲਈ ਲਾਂਚਪੈਡ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸ ਵਿੱਚ ਹੋਰ ਕਿਹਾ ਗਿਆ ਹੈ ਕਿ 2018 ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ 2008 ਦੇ ਮੁੰਬਈ ਹਮਲਿਆਂ ਵਿੱਚ ਭੂਮਿਕਾ ਨਿਭਾਈ ਸੀ, ਜੋ ਕਿ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਗਏ ਸਨ, ਜੋ ਇੱਕ ਪਾਕਿਸਤਾਨ-ਅਧਾਰਤ ਇਸਲਾਮੀ ਦਹਿਸ਼ਤੀ ਜਥੇਬੰਦੀ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਮੰਨਿਆ ਕਿ ਉਨ੍ਹਾ ਦੀਆਂ ਫੌਜਾਂ ਨੇ ਭਾਰਤ-ਪ੍ਰਸ਼ਾਸਤ ਕਸ਼ਮੀਰ ਵਿੱਚ ਭਾਰਤ ਨਾਲ ਲੜਨ ਲਈ ਅੱਤਵਾਦੀ ਸਮੂਹਾਂ ਨੂੰ ਸਿਖਲਾਈ ਦਿੱਤੀ ਸੀ। ਉਨ੍ਹਾ ਨੇ ਮੰਨਿਆ ਕਿ ਸਰਕਾਰ ਨੇ ਅੱਖਾਂ ਬੰਦ ਕਰ ਲਈਆਂ, ਕਿਉਂਕਿ ਉਹ ਭਾਰਤ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨਾ ਚਾਹੁੰਦੀ ਸੀ, ਨਾਲ ਹੀ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣਾ ਚਾਹੁੰਦੀ ਸੀ।‘ਦੁਨੀਆ ਭਰ ਵਿੱਚ ਅੱਤਵਾਦ ਦੀ ਬਰਾਮਦ’ ਸਿਰਲੇਖ ਹੇਠ, ਇਹ ਮਿਸਲ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦੇ ਅਫਗਾਨਿਸਤਾਨ ਵਿੱਚ ਹਮਲਿਆਂ ਦਾ ਜ਼ਿਕਰ ਕਰਦੀ ਹੋਈ ਕਹਿੰਦੀ ਹੈ ਕਿ ਪਾਕਿਸਤਾਨ ਦੀ ਆਈ ਐੱਸ ਆਈ (ਇੰਟਰ-ਸਰਵਿਸਿਜ਼ ਇੰਟੈਲੀਜੈਂਸ) ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦਾ ਸਮਰਥਨ ਕਰਦੀ ਹੈ, ਉਨ੍ਹਾਂ ਨੂੰ ਫੰਡਿੰਗ, ਸਿਖਲਾਈ ਅਤੇ ਸੁਰੱਖਿਅਤ ਪਨਾਹਗਾਹਾਂ ਦਿੰਦੀ ਹੈ।ਮਿਸਲ ਵਿੱਚ ਪਾਕਿਸਤਾਨ ਦੀ ਸ਼ਹਿ ਨਾਲ ਅਫਗਾਨਿਸਤਾਨ ਵਿੱਚ ਹੋਏ ਅੱਤਵਾਦੀ ਹਮਲਿਆਂ ਦਾ ਵੀ ਵੇਰਵਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ 2008 ਵਿੱਚ ਕਾਬੁਲ ਵਿੱਚ ਭਾਰਤੀ ਦੂਤਾਵਾਸ ’ਤੇ ਬੰਬਾਰੀ ਅਤੇ 2011 ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ’ਤੇ ਹਮਲਾ ਆਦਿ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਇਹ ਵੀ ਦੱਸਿਆ ਕਿ 2024 ਦੇ ਮਾਸਕੋ ਕੰਸਰਟ ਹਾਲ ਹਮਲੇ ਵਿੱਚ, ਅਪਰੈਲ 2025 ਵਿੱਚ ਮਾਸਕੋ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਵੀ ਇੱਕ ਪਾਕਿਸਤਾਨੀ ਲਿੰਕ ਸਾਹਮਣੇ ਆਇਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਰੂਸੀ ਅਧਿਕਾਰੀਆਂ ਨੇ ਮਾਸਟਰਮਾਇੰਡ ਦੀ ਪਛਾਣ ਇੱਕ ਤਾਜਿਕ ਨਾਗਰਿਕ ਵਜੋਂ ਕੀਤੀ ਹੈ ਅਤੇ ਪਾਕਿਸਤਾਨ ਨਾਲ ਸੰਬੰਧਾਂ ਦੀ ਜਾਂਚ ਕਰ ਰਹੇ ਹਨ, ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੂੰ ਪਾਕਿਸਤਾਨੀ ਨੈੱਟਵਰਕਾਂ ਤੋਂ ਲੌਜਿਸਟਿਕਲ ਜਾਂ ਵਿਚਾਰਧਾਰਕ ਸਮਰਥਨ ਮਿਲ ਸਕਦਾ ਹੈ।
ਇਸ ਵਿਚ ਪਾਕਿਸਤਾਨ-ਅਧਾਰਤ ਸੁੰਨੀ ਕੱਟੜਪੰਥੀ ਸਮੂਹ ਜੈਸ਼ ਉਲ-ਅਦਲ ਵੱਲੋਂ ਈਰਾਨ ਦੇ ਸੂਬੇ ਸੀਸਤਾਨ-ਬਲੋਚਿਸਤਾਨ ਵਿੱਚ ਈਰਾਨੀ ਸੁਰੱਖਿਆ ਬਲਾਂ ’ਤੇ ਵਾਰ-ਵਾਰ ਕੀਤੇ ਗਏ ਹਮਲਿਆਂ ਦਾ ਵੀ ਜ਼ਿਕਰ ਹੈ। ਇਸ ਮੁਤਾਬਕ ਇਸ ਦੇ ਜਵਾਬ ਵਿੱਚ, ਈਰਾਨ ਨੇ 16 ਜਨਵਰੀ 2024 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਅੰਦਰ ਉਨ੍ਹਾਂ ਟਿਕਾਣਿਆਂ ਉਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਉਸ ਨੇ ਜੈਸ਼ ਉਲ-ਅਦਲ ਦੇ ਟਿਕਾਣਿਆਂ ਵਜੋਂ ਦਰਸਾਇਆ ਸੀ।ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਈਰਾਨ ਅਕਸਰ ਹੀ ਪਾਕਿਸਤਾਨ ’ਤੇ ਸਰਹੱਦ ਪਾਰ ਈਰਾਨ ਵਿੱਚ ਹਮਲੇ ਕਰਨ ਵਾਲੇ ਸੁੰਨੀ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਾ ਹੈ। ਇਸੇ ਤਰ੍ਹਾਂ 7 ਜੁਲਾਈ 2005 ਨੂੰ ਲੰਡਨ ਵਿੱਚ ਚਾਰ ਬਿ੍ਰਟਿਸ਼ ਇਸਲਾਮੀ ਅੱਤਵਾਦੀਆਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਨੂੰ ਦਰਸਾਉਂਦਿਆਂ ਮਿਸਲ ਵਿੱਚ ਕਿਹਾ ਗਿਆ ਹੈ ਕਿ ਇਹ ਪਾਕਿਸਤਾਨ ਵਿੱਚ ਸਿਖਲਾਈ ਦੇਣ ਨਾਲ ਜੁੜੇ ਹੋਏ ਸਨ।
ਇਸ ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਲ ਕਾਇਦਾ ਦੇ ਓਸਾਮਾ ਬਿਨ ਲਾਦੇਨ ਦੇ ਛੁਪੇ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਸ ਨੂੰ 2011 ਵਿੱਚ ਅਮਰੀਕੀ ਛਾਪੇਮਾਰੀ ਵਿੱਚ ਮਾਰ ਦਿੱਤਾ ਗਿਆ ਸੀ।




