ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਡੰਡ-ਬੈਠਕਾਂ ਜਾਰੀ

0
152

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਆਪਣੀ ਰਿਹਾਇਸ਼ ’ਤੇ ਕੇਂਦਰੀ ਕੈਬਨਿਟ ਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹੋਏ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਕੈਬਨਿਟ ਮੰਤਰੀ ਟੀ ਵੀ ਸੋਮਨਾਥਨ, ਪਿ੍ਰੰਸੀਪਲ ਸਕੱਤਰਾਂ ਪੀ ਕੇ ਮਿਸ਼ਰਾ ਤੇ ਸ਼ਕਤੀਕਾਂਤ ਦਾਸ ਨੇ ਵੀ ਹਿੱਸਾ ਲਿਆ। ਐੱਲ ਓ ਸੀ ’ਤੇ ਜਾਰੀ ਪਾਕਿਸਤਾਨੀ ਫਾਇਰਿੰਗ ਦਰਮਿਆਨ ਭਾਰਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਦੋਹਾਂ ਦੇਸ਼ਾਂ ਦੇ ਮਿਲਟਰੀ ਅਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ ਵਿਚਾਲੇ ਹਾਟਲਾਈਨ ’ਤੇ ਹੋਈ ਗੱਲਬਾਤ ਦੌਰਾਨ ਭਾਰਤੀ ਡਾਇਰੈਕਟਰ ਜਨਰਲ ਨੇ ਇਹ ਚਿਤਾਵਨੀ ਦਿੱਤੀ। ਸੂਤਰਾਂ ਮੁਤਾਬਕ ਦੋਨੋਂ ਡਾਇਰੈਕਟਰ ਜਨਰਲ ਹਫਤੇ ਵਿੱਚ ਇੱਕ ਵਾਰ ਗੱਲ ਕਰਦੇ ਹਨ। ਇਸ ਮੀਟਿੰਗ ਵਿੱਚ ਭਾਰਤ ਨੇ ਬਿਨਾਂ ਭੜਕਾਹਟ ਦੇ ਫਾਇਰਿੰਗ ਦਾ ਮੁੱਦਾ ਉਠਾਇਆ। ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਨੇ ਮੰਗਲਵਾਰ ਲਗਾਤਾਰ ਛੇਵੀਂ ਰਾਤ ਐੱਲ ਓ ਸੀ ਦੇ ਨਾਲ ਗੋਲੀਬੰਦੀ ਦੀ ਉਲੰਘਣਾ ਕੀਤੀ। ਫੌਜ ਮੁਤਾਬਕ 29 ਤੇ 30 ਅਪਰੈਲ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ’ਚ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਭਾਰਤੀ ਫੌਜ ਨੇ ਬੜੀ ਫੁਰਤੀ ਨਾਲ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ।