ਜਲੰਧਰ (ਗਿਆਨ ਸੈਦਪੁਰੀ)
‘ਅੱਜ ਦੇਸ਼ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਇੱਕ ਪਾਸੇ ਬੇਰੁਜ਼ਗਾਰੀ ਦਾ ਆਲਮ ਦਿਖਾਈ ਦੇ ਰਿਹਾ ਹੈ, ਮਹਿੰਗਾਈ ਅਸਮਾਨ ਛੂਹ ਰਹੀ ਹੈ ਤੇ ਦੂਸਰੇ ਪਾਸੇ ਵੱਖ-ਵੱਖ ਫਿਰਕਿਆਂ ਅੰਦਰ ਨਫ਼ਰਤ ਦੀ ਜ਼ਹਿਰ ਫੈਲਾਈ ਜਾ ਰਹੀ ਹੈ। ਅਜਿਹੇ ਦੌਰ ਵਿੱਚ ਜਮਹੂਰੀ ਅਤੇ ਖੱਬੀਆਂ ਧਿਰਾਂ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਫਿਰਕਾਪ੍ਰਸਤੀ ’ਤੇ ਕਰਾਰੀ ਚੋਟ ਲਾਉਣ ਲਈ ਬੱਝਵਾਂ ਹੰਭਲਾ ਮਾਰਨ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ 8 ਅਤੇ 9 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋ ਰਹੀ ਪਾਰਟੀ ਦੀ ਸੂਬਾ ਕਾਨਫ਼ਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੈਂਕੜ ਦੇ ਘੋੜੇ ਉੱਤੇ ਸਵਾਰ ਹੋ ਕੇ ਦੇਸ਼ ਦੇ ਬਹੁਰੰਗੇ ਬਗੀਚੇ ਨੂੰ ਇੱਕ ਰੰਗੀ ਕਿਆਰੀ ਵਿੱਚ ਬਦਲਣ ਦੇ ਮਨਸੂਬਿਆ ਅਧੀਨ ਕੰਮ ਕਰ ਰਹੀ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਜਿੱਥੇ ਦੇਸ਼ ਦਾ ਕਾਰਪੋਰੇਟ ਜਗਤ ਦਿਨੋ-ਦਿਨ ਮਾਲਾ-ਮਾਲ ਹੋ ਰਿਹਾ ਹੈ, ਉੱਥੇ ਕਿਰਤੀ ਵਰਗ ਬੇਹੱਦ ਤਰਸਯੋਗ ਹਾਲਤ ਵੱਲ ਧੱਕਿਆ ਜਾ ਰਿਹਾ ਹੈ।
ਸਾਥੀ ਬਰਾੜ ਨੇ ਕਿਹਾ ਕਿ 8 ਅਤੇ 9 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੀ ਪੀ ਆਈ ਦੀ ਹੋ ਰਹੀ ਸੂਬਾ ਕਾਨਫ਼ਰੰਸ ਵਿੱਚ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਸਿਆਸੀ, ਸਮਾਜੀ ਤੇ ਆਰਥਕ ਮਸਲਿਆਂ ’ਤੇ ਮੰਥਨ ਹੋਵੇਗਾ। ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਅਤੇ ਹੋਰ ਸਾਥੀਆਂ ਨੇ ਕਾਨਫ਼ਰੰਸ ਦੀਆਂ ਤਿਆਰੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਥੀ ਬਰਾੜ ਨੇ ਜਲੰਧਰ ਦੇ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹੋਰ ਸੰਜੀਦਗੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾ ਕਿਹਾ ਕਿ ਅਜਿਹੇ ਮੌਕੇ ਕਿਸੇ ਵਿਸ਼ੇਸ਼ ਖਿੱਤੇ ਲਈ ਬੜੇ ਮਹੱਤਵਪੂਰਨ ਹੁੰਦੇ ਹਨ। ਇਸ ਵਾਰ ਇਹ ਮੌਕਾ ਜਲੰਧਰ ਦੇ ਸਾਥੀਆਂ ਨੂੰ ਮਿਲ ਰਿਹਾ ਹੈ। ਇਸ ਲਈ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਤਹਿਸੀਲ ਸ਼ਾਹਕੋਟ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਰਾਜੇਸ਼ ਥਾਪਾ, ਸਤਪਾਲ ਸੇਵਾ-ਮੁਕਤ ਜ਼ਿਲ੍ਹਾ ਅਟਾਰਨੀ, ਕਾਮਰੇਡ ਰਛਪਾਲ ਕੈਲੇ ਅਤੇ ਕਾਮਰੇਡ ਹਰਜਿੰਦਰ ਮੌਜੀ ਨੇ ਜਿੱਥੇ ਆਪੋ-ਆਪਣੇ ਕੰਮਾਂ ਦੀ ਰਿਪੋਰਟ ਕੀਤੀ, ਉੱਥੇ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਲਈ ਮਹੱਤਵਪੂਰਨ ਸੁਝਾਅ ਦਿੱਤੇ। ਇਸ ਮੌਕੇ ਕਾਮਰੇਡ ਮਹਿੰਦਰ ਪਾਲ ਸਿੰਘ ਮੁਹਾਲੀ ਅਤੇ ਕਾਮਰੇਡ ਸਿਕੰਦਰ ਸੰਧੂ ਵੀ ਮੌਜੂਦ ਸਨ। ਬਾਅਦ ਵਿੱਚ ਬੰਤ ਸਿੰਘ ਬਰਾੜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਗਏ। ਇਥੇ ਉਨ੍ਹਾ ਝੰਡਾ ਲਹਿਰਾਉਣ ਵਾਲੀ ਥਾਂ, ਡੈਲੀਗੇਟਾਂ ਦੇ ਠਹਿਰਾਉਣ ਵਾਲੀ ਥਾਂ ਆਦਿ ਦਾ ਮੁਆਇਨਾ ਕੀਤਾ।