ਕਰਨਾਲ : ਪਹਿਲਗਾਮ ਵਿੱਚ ਦਹਿਸ਼ਗਰਦਾਂ ਹੱਥੋਂ ਮਾਰੇ ਜਾਣ ਵਾਲਿਆਂ ਵਿੱਚ ਸ਼ਾਮਲ ਨੇਵੀ ਦੇ ਲੈਫਟੀਨੈਂਟ ਵਿਨੈ ਨਰਵਾਲ ਦੀ ਪਤਨੀ ਹਿਮਾਂਸ਼ੀ ਨਰਵਾਲ ਨੇ ਅਮਨ ਤੇ ਏਕਤਾ ਲਈ ਜਜ਼ਬਾਤੀ ਅਪੀਲ ਕੀਤੀ ਹੈ। ਗੁਰੂਗਰਾਮ ਦੀ ਪੀ ਐੱਚ ਡੀ ਸਕਾਲਰ ਹਿਮਾਂਸ਼ੀ ਨੇ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਸਿਰਫ ਇਹੀ ਚਾਹੁੰਦੀ ਹਾਂ ਕਿ ਸਮੁੱਚਾ ਰਾਸ਼ਟਰ ਉਨ੍ਹਾਂ ਲਈ ਇਹ ਅਰਦਾਸ ਕਰੇ ਕਿ ਉਹ ਜਿੱਥੇ ਵੀ ਹਨ, ਸਿਹਤਮੰਦ ਤੇ ਖੁਸ਼ ਹੋਣ।’
ਕਿਸੇ ਭਾਈਚਾਰੇ ਖਿਲਾਫ ਗੁੱਸਾ ਜ਼ਾਹਰ ਨਾ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਉਸ ਨੇ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਲੋਕ ਮੁਸਲਮਾਨਾਂ ਜਾਂ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣ। ਅਸੀਂ ਅਮਨ ਚਾਹੁੰਦੇ ਹਾਂ ਤੇ ਸਿਰਫ ਅਮਨ। ਨਿਰਸੰਦੇਹ ਅਸੀਂ ਇਨਸਾਫ ਚਾਹੁੰਦੇ ਹਾਂ।’
ਵਿਨੈ ਨਰਵਾਲ ਦੀ 27ਵੀਂ ਜਨਮ ਵਰ੍ਹੇਗੰਢ ’ਤੇ ਕਰਨਾਲ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਨਰਵਾਲ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾ ਦੀ ਮਾਤਾ ਤੇ ਪਤਨੀ ਦੇ ਹੰਝੂ ਨਿਕਲ ਗਏ। ਕੈਂਪ ਐੱਨ ਜੀ ਓ ਇੰਟੈਗ੍ਰੇਟਿਡ ਫੋਰਮ ਆਫ ਆਰਟਿਸਟ ਤੇ ਐਕਟੀਵਿਸਟਸ ਨੇ ਲਾਇਆ। ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਨਰਵਾਲ ਨੇ ਰਾਸ਼ਟਰ ਦੀ ਸਮਰਪਣ ਭਾਵਨਾ ਨਾਲ ਸੇਵਾ ਕੀਤੀ ਤੇ ਉਹ ਸਭ ਦੇ ਦਿਲਾਂ ’ਚ ਰਹਿਣਗੇ। ਇੱਕ ਬੁਲਾਰੇ ਨੇ ਕਿਹਾ ਕਿ ਜਦਕਿ ਦਹਿਸ਼ਤਗਰਦਾਂ ਨੇ ਬੇਗੁਨਾਹਾਂ ਦਾ ਖੂਨ ਵਹਾਇਆ, ਇਸ ਕੈਂਪ ਨਾਲ ਕਈ ਜਾਨਾਂ ਬਚਣਗੀਆਂ। ਇਸ ਮੌਕੇ ਭਾਜਪਾ ਵਿਧਾਇਕ ਜਗਮੋਹਨ ਆਨੰਦ ਵੀ ਮੌਜੂਦ ਸਨ।
ਲੈਫਟੀਨੈਂਟ ਨਰਵਾਲ ਦਾ ਵਿਆਹ 22 ਅਪ੍ਰੈਲ ਦੇ ਪਹਿਲਗਾਮ ਹਮਲੇ ਤੋਂ ਹਫਤਾ ਭਰ ਪਹਿਲਾਂ ਹੋਇਆ ਸੀ ਤੇ ਉਹ ਪਤਨੀ ਨਾਲ ਹਨੀਮੂਨ ਮਨਾਉਣ ਪਹਿਲਗਾਮ ਗਏ ਸਨ, ਜਿੱਥੇ ਦਹਿਸ਼ਤਗਰਦਾਂ ਨੇ ਉਨ੍ਹਾ ਨੂੰ ਨੇੜਿਓਂ ਗੋਲੀਆਂ ਮਾਰੀਆਂ।





