ਕਾਰਪੋਰੇਟਾਂ ਦੇ ਦਲਾਲਾਂ ਖਿਲਾਫ਼ ਲੱਕ ਬੰਨ੍ਹਣ ਦਾ ਸੱਦਾ

0
152

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਵੱਲੋਂ ਪੀ ਆਰ ਟੀ ਸੀ ਪਟਿਆਲਾ ਡਿਪੂ ਦੇ ਮੁੱਖ ਗੇਟ ਦੇ ਸਾਹਮਣੇ ਵਰਕਰਾਂ ਦੀ ਭਰਵੀਂ ਇਕੱਤਰਤਾ ਕਰਕੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦਾ ਪ੍ਰਤੀਕ ਮਈ ਦਿਹਾੜਾ ਮਨਾਇਆ ਗਿਆ।ਪਹਿਲਾਂ ਯੂਨੀਅਨ ਦੇ ਮੁੱਖ ਦਫਤਰ ’ਤੇ ਝੰਡਾ ਝੁਲਾਉਣ ਉਪਰੰਤ ਪੀ ਆਰ ਟੀ ਸੀ ਵਿਭਾਗ ਦੇ ਗੇਟ ’ਤੇ ਯੂਨੀਅਨ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਝੰਡਾ ਲਹਿਰਾਇਆ ਤੇ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਨਾਂਅ ’ਤੇ ਨਾਅਰੇ ਬੁਲੰਦ ਕੀਤੇ। ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਹੇਅ ਮਾਰਕੀਟ ਦੇ ਖੂਨੀ ਸਾਕੇ ਉਪਰੰਤ ਮਜ਼ਦੂਰਾਂ ਦੇ ਅੱਠ ਆਗੂਆਂ ਵਿਰੁੱਧ ਕਤਲ ਅਤੇ ਹੋਰ ਜੁਰਮਾਂ ਅਧੀਨ ਮੁਕੱਦਮੇ ਦਰਜ ਕਰਕੇ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕਰਨ ’ਤੇ ਉਸ ਸਮੇਂ ਦੇ ਸੰਘਰਸ਼ਾਂ ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਈ ਦਿਹਾੜੇ ਦੇ ਸਮੁੱਚੇ ਇਤਿਹਾਸ ’ਤੇ ਸੰਖੇਪ ਵਿੱਚ ਚਾਨਣਾ ਪਾਇਆ।
ਧਾਲੀਵਾਲ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਇਤਿਹਾਸ ਦਾ ਹੀ ਸਿੱਟਾ ਸੀ ਕਿ 8 ਘੰਟੇ ਡਿਊਟੀ ਦਾ ਕਾਨੂੰਨ ਬਣਵਾਇਆ ਗਿਆ, ਪਰ ਵਰਤਮਾਨ ਸਮੇਂ ਵਿੱਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਸਮੇਤ ਸਾਡੇ ਆਪਣੇ ਦੇਸ਼ ਵਿੱਚ ਸਰਕਾਰ ਕਾਰਪੋਰੇਟਾਂ ਦੀਆਂ ਲੋਟੂ ਮਨਮਰਜ਼ੀਆਂ ਦੇ ਅਨੁਕੂਲ ਮਜ਼ਦੂਰ ਵਿਰੋਧੀ ਕਾਨੂੰਨ ਲਿਆ ਰਹੀ ਹੈ। 29 ਲੇਬਰ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡਜ਼ ਬਣਾ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਮਜ਼ਦੂਰਾਂ ਦੀ ਲੁੱਟ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਪੀ ਆਰ ਟੀ ਸੀ ਦੀ ਹਾਲਤ ਬਾਰੇ ਉਹਨਾ ਕਿਹਾ ਕਿ ਵਰਕਰਾਂ ਨੂੰ ਤਨਖਾਹ-ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ, ਕੰਟਰੈਕਟ/ਆਊਟ ਸੋਰਸ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ। ਇਸ ਸਰਕਾਰ ਦੇ ਸਾਰੇ ਸਮੇਂ ਵਿੱਚ ਇੱਕ ਵੀ ਨਹੀਂ ਬੱਸ ਨਹੀਂ ਖਰੀਦੀ ਗਈ। ਵਰਕਰਾਂ ਦੇ 70 ਕਰੋੜ ਰੁਪਏ ਦੇ ਬਕਾਏ ਲੰਮੇ ਸਮੇਂ ਤੋਂ ਪੈਂਡਿੰਗ ਪਏ ਹਨ। ਉਹਨਾ ਮਜ਼ਦੂਰਾਂ ਨੂੰ ਭਵਿੱਖ ਦੇ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਜਿਨ੍ਹਾਂ ਹੋਰ ਆਗੂਆਂ ਨੇ ਮਈ ਦਿਹਾੜੇ ਦੇ ਇਕੱਠ ਨੂੰ ਸੰਬੋਧਨ ਕੀਤਾ, ਉਨ੍ਹ੍ਹਾਂ ਵਿੱਚ ਸੁਖਦੇਵ ਰਾਮ ਸੁੱਖੀ, ਕਰਮ ਚੰਦ ਗਾਂਧੀ, ਰਮੇਸ਼ ਕੁਮਾਰ, ਉਤਮ ਸਿੰਘ ਬਾਗੜੀ, ਗੁਰਵਿੰਦਰ ਸਿੰਘ ਗੋਲਡੀ ਅਤੇ ਪ੍ਰਮਜੀਤ ਸਿੰਘ ਸ਼ਾਮਲ ਸਨ।
ਮੋਗਾ (ਇਕਬਾਲ ਸਿੰਘ ਖਹਿਰਾ) : ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਟਰੇਡ ਯੂਨੀਅਨ ਕੌਂਸਲ ਮੋਗਾ (ਏਟਕ) ਵੱਲੋਂ ਕਿਰਤ ਦਿਹਾੜਾ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਜਗਦੀਸ਼ ਸਿੰਘ ਚਾਹਲ, ਅਮਰੀਕ ਸਿੰਘ ਮਸੀਤਾਂ, ਗੁਰਜੰਟ ਸਿੰਘ ਕੋਕਰੀ, ਜਗਸੀਰ ਸਿੰਘ ਖੋਸਾ, ਡਾਕਟਰ ਇੰਦਰਵੀਰ ਗਿੱਲ, ਗੁਰਚਰਨ ਕੌਰ ਮੋਗਾ ਤੇ ਬਚਿੱਤਰ ਸਿੰਘ ਧੋਥੜ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ, ਮਜ਼ਦੂਰਾਂ, ਆਂਗਣਵਾੜੀ ਵਰਕਰ, ਆਸ਼ਾ ਵਰਕਰਾਂ, ਰਿਕਸ਼ਾ ਕਾਮਿਆਂ ਅਤੇ ਨਰੇਗਾ ਕਾਮਿਆਂ ਨੇ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਜਦੋਂ ਤਕਨੀਕ ਏ ਆਈ (ਆਰਟੀਫਿਸ਼ਲ ਇੰਟੈਲੀਜੈਂਸੀ) ਤੱਕ ਪਹੁੰਚ ਗਈ ਹੈ ਅਤੇ ਮਨੁੱਖੀ ਕਿਰਤ ਦਾ ਹਿੱਸਾ ਪੈਦਾਵਾਰ ਅਤੇ ਬਾਕੀ ਖੇਤਰਾਂ ਵਿੱਚਂੋ ਘਟਦਾ ਜਾ ਰਿਹਾ ਹੈ, ਇਸ ਮੌਕੇ ਅੱਜ ਦੇ ਦਿਨ ਕਿਰਤ ਦਿਹਾੜੇ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਉਨ੍ਹਾ ਕਿਹਾ ਕਿ ਅੱਜ ਤਕਨੀਕ ਦੇ ਵਾਧੇ ਕਾਰਨ ਜਿੱਥੇ ਲੋੜੀਂਦੀਆਂ ਚੀਜ਼ਾਂ ਨਾਲ ਬਾਜ਼ਾਰ ਭਰੇ ਪਏ ਹਨ, ਦੂਜੇ ਪਾਸੇ ਮਨੁੱਖਾਂ ਨੂੰ ਕੰਮ ਤੋਂ ਬਾਹਰ ਕੀਤੇ ਜਾਣ ਕਾਰਨ ਆਮ ਲੋਕ ਭੁੱਖਮਰੀ ਨਾਲ ਮਰ ਰਹੇ ਹਨ ਅਤੇ ਲੋੜੀਂਦੀਆਂ ਚੀਜ਼ਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ, ਇਸ ਲਈ ਅੱਜ ਸਾਨੂੰ ਕਿਰਤ ਦਿਹਾੜੇ ਦੀ ਮਹੱਤਤਾ ਨੂੰ ਸਮਝਦੇ ਹੋਏ ਉਸੇ ਰੌਸ਼ਨੀ ਵਿੱਚ ਕੰਮ ਦਿਹਾੜੀ ਸਮਾਂ ਕਾਨੂੰਨੀ ਤੌਰ ’ਤੇ 6 ਘੰਟੇ ਕਰਨ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ, ਤਾਂ ਜੋ ਕਿ ਕੰਮ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਟਰੇਡ ਯੂਨੀਅਨ ਕੌਂਸਲ ਮੋਗਾ (ਏਟਕ) ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਬਿਜਲੀ ਬੋਰਡ ਦੇ ਦਰਸ਼ਨ ਲਾਲ, ਪੈਨਸ਼ਨਰਜ਼ ਯੂਨੀਅਨ ਦੇ ਭੁਪਿੰਦਰ ਸੇਖੋਂ, ਗੁਰਮੇਲ ਸਿੰਘ ਨਾਹਰ, ਸ਼ੇਰ ਸਿੰਘ ਦੌਲਤਪੁਰਾ, ਕੁਲਬੀਰ ਢਿੱਲੋਂ ਸਿਹਤ ਮੁਲਾਜ਼ਮ ਆਗੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਬੜੀਆਂ ਆਸਾਂ, ਉਮੀਦਾਂ ਨਾਲ ਪੰਜਾਬ ਦੇ ਲੋਕਾਂ ਦੀ ਬਣਾਈ ਹੋਈ ਭਗਵੰਤ ਮਾਨ ਸਰਕਾਰ ਵੀ ਆਪਣੇ ਸਾਰੇ ਕਾਨੂੰਨ ਕਿਰਤ ਕਰਨ ਵਾਲੇ ਲੋਕਾਂ ਦੇ ਉਲਟ ਬਣਾ ਰਹੇ ਹਨ। ਉਹਨਾਂ ਆਏ ਹੋਏ ਮਜ਼ਦੂਰਾਂ, ਮੁਲਾਜ਼ਮਾਂ ਨੂੰ ਦਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 20 ਮਈ ਨੂੰ ਕੀਤੀ ਜਾ ਰਹੀ ਦੇਸ਼-ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਅਵਤਾਰ ਸਿੰਘ ਚੜਿੱਕ ਤੇ ਸਾਥੀ ਨੇ ਭੰਡਾਂ ਦੀ ਪੇਸ਼ਕਾਰੀ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਅਦਾ ਕੀਤੀ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਸਕੱਤਰ ਸੁਖਵਿੰਦਰ ਕੁਮਾਰ, ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਨਵੀਰ ਕੌਰ ਬੱਧਨੀ ਨੇ ਕਿਹਾ ਕਿ ਭਗਤ ਸਿੰਘ ਰੁਜ਼ਗਾਰ ਗਰੰਟੀ ਐਕਟ (ਬਨੇਗਾ) ਸਮੇਂ ਦੀ ਮੁੱਖ ਲੋੜ ਹੈ।
ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਧਾਲੀਵਾਲ, ਸਵਰਨ ਸਿੰਘ ਖੋਸਾ, ਪੋਹਲਾ ਸਿੰਘ ਬਰਾੜ, ਸਵਰਾਜ ਸਿੰਘ ਢੁੱਡੀਕੇ, ਬਿੰਦਰ ਕੌਰ ਗਲੋਟੀ, ਗੁਰਪ੍ਰੀਤ ਸਿੰਘ, ਚਮਨ ਲਾਲ ਸੰਘੋਲੀਆ, ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਵਰਾਜ ਖੋਸਾ, ਸਤਪਾਲ ਸਹਿਗਲ ਤੇ ਮਨਜੀਤ ਸਿੰਘ ਭਿੰਡਰ ਹਾਜ਼ਰ ਹਨ।
ਚੰਡੀਗੜ੍ਹ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੇ ਵਰਕਰਾਂ ਨੇ ਵਰਕਸ਼ਾਪ ਵਿਖੇ ਰੈਲੀ ਦਾ ਆਯੋਜਨ ਕੀਤਾ। ਇਸ ਵਿਚ ਸੀ ਪੀ ਆਈ ਚੰਡੀਗੜ੍ਹ ਦੇ ਵਰਕਰ ਵੀ ਸ਼ਾਮਲ ਹੋਏ। ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਤੇ ਸੀਨੀਅਰ ਆਗੂ ਬਪਿੰਦਰ ਸਿੰਘ ਰਾਹੀ ਨੇ ਭਾਸ਼ਣ ਦਿੱਤੇ। ਸੀ ਪੀ ਆਈ ਵੱਲੋਂ ਸੀਨੀਆਰ ਆਗੂ ਦੇਵੀ ਦਿਆਲ ਸ਼ਰਮਾ, ਏਟਕ ਦੇ ਜ਼ਿਲ੍ਹਾ ਸਕੱਤਰ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਰਾਜ ਕੁਮਾਰ ਤੇ ਪ੍ਰੀਤਮ ਸਿੰਘ ਹੁੰਦਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਹਿਲਾਦ ਸਿੰਘ ਤੇ ਸਤਿਆਵੀਰ ਨੇ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਨੂੰ ਉਜਾਗਰ ਕੀਤਾ। ਅਖੀਰ ਵਿਚ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਅੱਜ ਦੇ ਹਾਲਾਤ ’ਤੇ ਚਾਨਣਾ ਪਾਇਆ ਤੇ ਦੇਸ਼ ਵਿਚ 20 ਮਈ ਨੂੰ ਹੋਣ ਵਾਲੀ ਹੜਤਾਲ ਵਾਸਤੇ ਲਾਮਬੰਦ ਹੋਣ ਵਾਸਤੇ ਕਿਹਾ।
ਜਲੰਧਰ : ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਾਸਟਰ ਹਰੀ ਸਿੰਘ ਧੂਤ ਟਰਸੱਟ ਵਿਖੇ ਟਰੇਡ ਯੂਨੀਅਨ ਕੌਂਸਲ ਜਲੰਧਰ ਵੱਲੋਂ ਮਨਾਇਆ ਗਿਆ।‘ਦੁਨੀਆ ਭਰ ਦੇ ਮਿਹਨਤਕਸ਼ੋ ਏਕ ਹੋ ਜਾਓ’ ਦੇ ਨਾਅਰੇ ਨਾਲ ਲਾਲ ਝੰਡਾ ਫਹਿਰਾਇਆ ਗਿਆ। ਲਾਲ ਝੰਡਾ ਲਹਿਰਾਉਣ ਦੀ ਰਸਮ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਨਿਭਾਈ। ਐਡਵੋਕੇਟ ਮੰਡ, ਹਰਿੰਦਰ ਸਿੰਘ ਚੀਮਾ, ਜਗਤਾਰ ਸਿੰਘ ਭੂੰਗਰਨੀ, ਰਾਜੇਸ਼ ਥਾਪਾ, ਰਸ਼ਪਾਲ ਕੈਲੇ ਅਤੇ ਗੁਰਜੀਤ ਸਿੰਘ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਪੈਨਸ਼ਨਰ ਯੂਨੀਅਨ, ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ, ਜਨਰਲ ਮਜ਼ਦੂਰ ਯੂਨੀਅਨ ਤੇ ਏਟਕ ਦੇ ਸਾਥੀਆਂ ਨੇ ਹਿੱਸਾ ਲਿਆ।ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਇਹ ਸ਼ੰਕਾ ਜ਼ਾਹਰ ਕੀਤੀ ਗਈ ਕਿ ਮੁੜ ਤੋਂ ਇੱਕ ਵੱਡਾ ਸੰਘਰਸ਼ ਵਿੱਢਣ ਦੀ ਲੋੜ ਹੈ, ਜਿਸ ਤਰ੍ਹਾਂ ਨਾਲ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਝੋਲੀ ਵਿੱਚ ਬੈਠ ਕੇ ਮਜ਼ਦੂਰਾਂ ਖਿਲਾਫ ਕਾਨੂੰਨ ਬਣਾ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਹੈ ਕਿ ਅੱਜ ਲੋੜ ਹੈ ਕਿ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਮਜ਼ਦੂਰ ਦੀ ਦਿਹਾੜੀ ਦਾ ਸਮਾਂ ਛੇ ਘੰਟੇ ਕੀਤਾ ਜਾਵੇ।20 ਮਈ ਨੂੰ ਹੋ ਰਹੀ ਦੇਸ਼-ਵਿਆਪੀ ਹੜਤਾਲ ਵਿੱਚ ਸਾਰਿਆਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਲਈ ਵੀ ਕਿਹਾ ਗਿਆ। ਵਿਜੇ ਕੁਮਾਰ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਪਰਮਜੀਤ ਸਿੰਘ ਪਰਮਾਰ, ਕਸ਼ਮੀਰ ਚੰਦ, ਹਰੀਸ਼ ਕੁਮਾਰ, ਜਸਵਿੰਦਰ ਸਿੰਘ, ਜਗੀਰ ਸਿੰਘ, ਸੰਤੋਖ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਪਰਵਿੰਦਰ ਫਲਪੋਤਾ, ਹਰਜਿੰਦਰ ਸਿੰਘ ਮੌਜੀ, ਮਹਿੰਦਰ ਘੋੜਾਵਾਹੀ ਤੇ ਦਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਲੁਧਿਆਣਾ (ਰੈਕਟਰ ਕਥੂਰੀਆ) : ਏਟਕ ਜ਼ਿਲ੍ਹਾ ਲੁਧਿਆਣਾ ਵੱਲੋਂ ਬੱਸ ਸਟੈਂਡ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਨ ਦਾ ਪ੍ਰਣ ਲਿਆ ਗਿਆ।ਕੇਂਦਰੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ’ਤੇ ਲਗਾਤਾਰ ਹਮਲੇ ਕਰਨ ਦੇ ਵਿਰੋਧ ਵਿੱਚ 20 ਮਈ ਨੂੰ ਦੇਸ਼-ਵਿਆਪੀ ਹੜਤਾਲ ਦੇ ਸੱਦੇ ਦੇ ਤਹਿਤ ਲੁਧਿਆਣਾ ਵਿਖੇ ਵੀ ਵੱਡੇ ਪੱਧਰ ਦੀ ਹੜਤਾਲ ਕਰਨ ਦਾ ਫੈਸਲਾ ਲਿਆ।ਐੱਮ ਐੱਸ ਭਾਟੀਆ ਜਨਰਲ ਸਕੱਤਰ ਏਟਕ ਲੁਧਿਆਣਾ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੀ ਇਸ ਹੜਤਾਲ ਵਿੱਚ ਸ਼ਾਮਿਲ ਹੋਏਗਾ ਤੇ ਉਹ ਵੀ ਪੇਂਡੂ ਹੜਤਾਲ ਦਾ ਸੱਦਾ ਦੇਣਗੇ।
ਏਟਕ ਲੁਧਿਆਣਾ ਦੇ ਸਲਾਹਕਾਰ ਡੀ ਪੀ ਮੌੜ ਨੇ ਕਿਹਾ ਕਿ ਉੱਘੇ ਦਾਰਸ਼ਨਿਕ ਕਾਰਲ ਮਾਰਕਸ ਨੇ ਸ਼ੋਸ਼ਣ ਵਿਰੁੱਧ ਲੜਨ ਦਾ ਸੱਦਾ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ‘ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ, ਤੁਹਾਡੇ ਕੋਲ ਗੁਆਉਣ ਲਈ ਆਪਣੀਆਂ ਜ਼ੰਜੀਰਾਂ ਤੋਂ ਇਲਾਵਾ ਕੁਝ ਵੀ ਨਹੀਂ’, ਇਸ ਨੂੰ ਮਜ਼ਦੂਰਾਂ ਨੇ ਭਰਵਾਂ ਹੁੰਗਾਰਾ ਦਿੱਤਾ।ਏਟਕ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੇ ਜਿੱਥੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖਾਂ ਪੱਖੀ ਨੀਤੀਆਂ ਦੀ ਨਿਖੇਧੀ ਕੀਤੀ, ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਤ ਦਿਹਾੜੇ ਕੀਤੇ ਜਾ ਰਹੇ ਲਾਠੀਚਾਰਜ ਦੀ ਨਿਖੇਧੀ ਵੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਕਿਸੇ ਵੀ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਘੱਟ ਨਹੀਂ। ਪੰਜਾਬ ਦੇ ਮਿਹਨਤਕਸ਼ ਲੋਕ ਸਮਾਂ ਆਉਣ ’ਤੇ ਸਰਕਾਰ ਨੂੰ ਢੁਕਵਾਂ ਜਵਾਬ ਦੇਣਗੇ।
ਵੱਖ-ਵੱਖ ਯੂਨੀਅਨਾਂ ਦੇ ਆਗੂ ਆਪਣੇ ਆਪਣੇ ਅਦਾਰਿਆਂ ’ਤੇ ਆਪਣੇ ਯੂਨੀਅਨ ਦੇ ਝੰਡੇ ਲਹਿਰਾ ਕੇ ਇਸ ਸਮਾਗਮ ਵਿੱਚ ਪਹੁੰਚੇ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਚਰਨ ਸਿੰਘ ਸਰਾਭਾ, ਚਮਕੌਰ ਸਿੰਘ, ਰਣਧੀਰ ਸਿੰਘ ਧੀਰਾ, ਹਰਬੰਸ ਸਿੰਘ, ਰਮੇਸ਼ ਰਤਨ, ਡਾਕਟਰ ਗੁਲਜਾਰ ਪੰਧੇਰ, ਗੁਰਮੇਲ ਸਿੰਘ ਮੈਲਡੇ, ਆਸ਼ਾ ਵਰਕਰਾਂ ਦੀ ਸੂਬਾਈ ਆਗੂ ਬਲਬੀਰ ਕੌਰ, ਕਾਮੇਸ਼ਵਰ ਯਾਦਵ, ਪਰਵੀਨ ਕੁਮਾਰ, ਰਸ਼ਪਾਲ ਸਿੰਘ ਪਾਲੀ, ਨਰੇਸ਼ ਗੌੜ, ਮਨਮੋਹਨ ਸਿੰਘ, ਸੀਟੂ ਵੱਲੋਂ ਸੁਖਵਿੰਦਰ ਸਿੰਘ ਲੋਟੇ ਆਦਿ ਨੇ ਸੰਬੋਧਨ ਕੀਤਾ। ਰੈਲੀ ਦੀ ਪ੍ਰਧਾਨਗੀ ਕੇਵਲ ਸਿੰਘ ਬਨਵੈਤ ਨੇ ਕੀਤੀ।
ਭਿੱਖੀਵਿੰਡ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਮਜ਼ਦੂਰਾਂ ਦੇ ਕੌਮਾਂਤਰੀ ਦਿਹਾੜੇ ’ਤੇ ਮਾੜੀਮੇਘਾ, ਭਗਵਾਨਪੁਰਾ ਕਲਾਂ ਤੇ ਖੁਰਦ, ਅਲਗੋਂ ਖੁਰਦ, ਭਾਈ ਲੱਧੂ, ਅਲਗੋਂ ਕੋਠੀ, ਸਾਂਡਪੁਰਾ, ਮੱਖੀ, ਮਰਗਿੰਦਪੁਰਾ ਵਿਖੇ ਮੀਟਿੰਗਾਂ ਕਰਕੇ ਮਈ ਦਿਵਸ ਦੇ ਦਿਹਾੜੇ ਦੀ ਮਹੱਤਤਾ ’ਤੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਅਲਗੋਂ ਅਤੇ ਨਰੇਗਾ ਯੂਨੀਅਨ ਦੇ ਬਲਾਕ ਪ੍ਰਧਾਨ ਟਹਿਲ ਸਿੰਘ ਲੱਧੂ ਨੇ ਚਾਨਣਾ ਪਾਇਆ। ਮਾੜੀਮੇਘਾ ਤੇ ਰੁਪਿੰਦਰ ਨੇ ਕਿਹਾ ਕਿ ਨਰੇਗਾ ਕਾਨੂੰਨ ਪਾਰਲੀਮੈਂਟ ਵਿੱਚ ਬਣਾਉਣ ਵਾਲੇ ਕਮਿਉਨਿਸਟ ਸਨ, ਜਿਸ ਕਾਨੂੰਨ ਅਧੀਨ ਸਾਲ ਵਿੱਚ 100 ਦਿਨ ਕੰਮ ਮਿਲਣਾ ਯਕੀਨੀ ਬਣਾਇਆ ਗਿਆ ਹੈ ਅਤੇ ਦਿਹਾੜੀ ਵੀ ਮੁਕੱਰਰ ਕੀਤੀ ਗਈ ਹੈ। ਇਹ ਵੀ ਇਜਾਜ਼ਤ ਹੈ ਕਿ ਸੂਬੇ ਦਿਹਾੜੀ ਵਧਾ ਸਕਦੇ ਹਨ, ਪਰ ਮੌਜੂਦਾ ਕੇਂਦਰੀ ਹਕੂਮਤ ਇਸ ਲੋਕ ਭਲਾਈ ਕਾਨੂੰਨ ਨੂੰ ਖ਼ਤਮ ਕਰਨ ਦੇ ਰਾਹ ਤੁਰੀ ਹੈ। ਨਰੇਗਾ ਕਾਰਜ ਦਾ ਬਜਟ ਘਟਾਇਆ ਜਾ ਰਿਹਾ ਹੈ। ਅਫ਼ਸਰਸ਼ਾਹੀ ਨੂੰ ਅੰਦਰਖਾਤੇ ਕੇਂਦਰ ਦੀ ਹਦਾਇਤ ਹੈ ਕਿ ਨਰੇਗਾ ਕਾਨੂੰਨ ਅਧੀਨ ਕੰਮ ਘੱਟ ਤੋਂ ਘੱਟ ਦਿੱਤਾ ਜਾਵੇ। ਕੀਤੇ ਹੋਏ ਕੰਮ ਦੇ ਪੈਸੇ ਖਾਤਿਆਂ ਵਿੱਚ ਪਾਉਣ ਤੋਂ ਖੱਜਲਖੁਆਰੀ ਕੀਤੀ ਜਾਵੇ। ਆਗੂਆਂ ਕਿਹਾ ਕਿ ਨਰੇਗਾ ਕਾਨੂੰਨ ਅਧੀਨ ਪਹਿਲਾਂ ਕੰਮ ਸਮਾਂ ਰੋਜ਼ਾਨਾ 7 ਘੰਟੇ ਸੀ, ਉਹ ਵਧਾ ਕੇ 9 ਘੰਟੇ ਕੀਤਾ ਹੋਇਆ ਹੈ, ਜਦੋਂ ਕਿ ਇਹ ਨਰੇਗਾ ਕਾਮਿਆਂ ਨਾਲ ਸਰਾਸਰ ਬੇਇਨਸਾਫ਼ੀ ਹੈ। ਆਗੂਆਂ ਮੰਗ ਕੀਤੀ ਕਿ ਨਰੇਗਾ ਕਾਮਿਆਂ ਦੇ ਔਖੇ ਕੰਮ ਨੂੰ ਵੇਖਦਿਆਂ ਹੋਇਆਂ ਕੰਮ ਦਿਹਾੜੀ ਸਮਾਂ 6 ਘੰਟੇ ਹੋਣਾ ਚਾਹੀਦਾ ਹੈ ਅਤੇ ਦਿਹਾੜੀ ਵੀ ਘੱਟੋ-ਘੱਟ 1000 ਰੁਪਏ ਹੋਣੀ ਚਾਹੀਦੀ ਹੈ। ਰੁਪਿੰਦਰ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨਰੇਗਾ ਕੰਮ ਜ਼ਿਆਦਾ ਔਰਤਾਂ ਹੀ ਕਰਦੀਆਂ ਹਨ। ਜੇ ਇਸੇ ਤਰ੍ਹਾਂ ਮਰਦਾਂ ਦੇ ਬਰਾਬਰ ਔਰਤਾਂ ਕੰਮ ਕਰਨ ਤੇ ਸਮਾਜ ’ਚ ਔਰਤ-ਮਰਦ ਦੀ ਬਰਾਬਰੀ ਜਲਦੀ ਆ ਸਕਦੀ ਹੈ। ਰੁਪਿੰਦਰ ਨੇ ਕਿਹਾ ਕਿਹਾ ਕਿ ਐੱਮ ਏ ਤੱਕ ਕੁੜੀਆਂ ਨੂੰ ਮੁਫ਼ਤ ਤੇ ਯਕੀਨੀ ਵਿਦਿਆ ਮਿਲਣੀ ਚਾਹੀਦੀ ਹੈ। ਨਰੇਗਾ ਕਾਮਿਆਂ ਨੂੰ ਸਰਕਾਰੀ ਛੁੱਟੀਆਂ ਨਹੀਂ ਮਿਲ ਰਹੀਆਂ, ਉਹ ਵੀ ਮਿਲਣੀਆਂ ਚਾਹੀਦੀਆਂ ਹਨ।ਇਸ ਮੌਕੇ ਵੀਰ ਕੌਰ ਸਾਂਡਪੁਰਾ, ਪਰਮਜੀਤ ਕੌਰ ਮਾੜੀਮੇਘਾ, ਹਰਚੰਦ ਸਿੰਘ ਭਗਵਾਨਪੁਰਾ, ਮਨਜੀਤ ਕੌਰ ਅਲਗੋਂ, ਗੁਰਮੀਤ ਕੌਰ ਭਗਵਾਨਪੁਰਾ, ਬਲਜਿੰਦਰ ਕੌਰ ਅਲਗੋਂ ਕੋਠੀ ਤੇ ਬਲਵਿੰਦਰ ਕੌਰ ਲੱਧੂ ਨੇ ਵੀ ਵਿਚਾਰ ਰੱਖੇ।