ਨੋਇਡਾ : ਇਥੋਂ ਦੇ ਸੈਕਟਰ 93 ਵਿਚ ਸੁਪਰਟੈੱਕ ਵੱਲੋਂ ਬਣਾਏ ਗਏ ਕੁਤੁਬ ਮੀਨਾਰ (73 ਮੀਟਰ) ਤੋਂ ਉੱਚੇ ਟਵਿਨ ਟਾਵਰ ਐਤਵਾਰ ਬਾਅਦ ਦੁਪਹਿਰ ‘ਵਾਟਰਫਾਲ ਇੰਪਲੋਜ਼ਨ’ ਤਕਨੀਕ ਦੀ ਮਦਦ ਨਾਲ ਢਾਹ ਦਿੱਤੇ ਗਏ। ਢਾਈ ਵੱਜਦਿਆਂ ਹੀ ਬਲੈਕ ਬਾਕਸ ਦਾ ਬਟਨ ਦਬਾ ਦਿੱਤਾ ਗਿਆ ਤੇ 100 ਮੀਟਰ ਤੋਂ ਉੱਚੇ ਟਾਵਰ 12 ਸਕਿੰਟ ਵਿਚ ਢਹਿ ਗਏ। ਇਸ ਤੋਂ ਪਹਿਲਾਂ ਟਾਵਰਾਂ ਦੇ ਨੇੜੇ ਸਥਿਤ ਸੁਸਾਇਟੀਆਂ ’ਚ ਰਹਿ ਰਹੇ ਕਰੀਬ 7 ਹਜ਼ਾਰ ਲੋਕਾਂ ਨੂੰ ਉਥੋਂ ਦੂਰ ਲਿਜਾਇਆ ਗਿਆ। ਧਮਾਕੇ ਤੋਂ ਬਾਅਦ ਕਰੀਬ ਚਾਰ ਕਿਲੋਮੀਟਰ ਦੇ ਘੇਰੇ ਵਿਚ ਧੂੜ ਫੈਲੀ, ਜਦਕਿ ਕਰੀਬ 60 ਹਜ਼ਾਰ ਟਨ ਕੰਕਰੀਟ ਤੇ ਲੋਹਾ ਮਲਬਾ ਬਣ ਗਏ। ਮਲਬਾ 15 ਕਰੋੜ ਦਾ ਵਿਕੇਗਾ। ਜਦੋਂ ਟਾਵਰ ਡਿੱਗੇ, ਨੇੜੇ-ਤੇੜੇ ਦੀ ਕਿਸੇ ਇਮਾਰਤ ਨੂੰ ਨੁਕਸਾਨ ਨਹੀਂ ਪੁੱਜਾ।
2004 ਵਿਚ ਨੋਇਡਾ ਅਥਾਰਟੀ ਨੇ ਸੁਪਰਟੈੱਕ ਨੂੰ ਹਾਊਸਿੰਗ ਸੁਸਾਇਟੀ ਬਣਾਉਣ ਲਈ ਪਲਾਟ ਦਿੱਤਾ ਸੀ ਤੇ 10 ਮੰਜ਼ਲਾਂ ਦੇ 14 ਟਾਵਰ ਬਣਾਉਣ ਦੀ ਮਨਜ਼ੂਰੀ ਦਿੱੱਤੀ ਗਈ ਸੀ। 2006 ਵਿਚ ਸੁਪਰਟੈੱਕ ਨੇ 11 ਮੰਜ਼ਲਾਂ ਦੇ 15 ਟਾਵਰ ਬਣਾ ਦਿੱਤੇ। ਨਵੰਬਰ 2009 ਵਿਚ 14 ਮੰਜ਼ਲਾਂ ਦੇ ਦੋ ਹੋਰ ਟਾਵਰ ਬਣਾ ਦਿੱਤੇ। ਮਾਰਚ 2012 ਵਿਚ 14 ਮੰਜ਼ਲਾਂ ਨੂੰ 40 ਤੱਕ ਕਰ ਦਿੱਤਾ। ਜਦੋਂ ਰੋਕ ਲੱਗੀ ਤਾਂ ਇਨ੍ਹਾਂ ਵਿਚੋਂ 633 ਫਲੈਟ ਬੁੱਕ ਹੋ ਚੁੱਕੇ ਸਨ। ਟਾਵਰ ਨਾਲ ਲੱਗਦੀ ਐਮਰੇਲਡ ਗੋਲਡ ਸੁਸਾਇਟੀ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਉਦੈਭਾਨ ਸਿੰਘ ਤੇਵਾਤੀਆ ਟਵਿਨ ਟਾਵਰ ਦਾ ਮਾਮਲਾ ਕੋਰਟ ਲੈ ਗਏ। ਇਲਾਹਾਬਾਦ ਹਾਈ ਕੋਰਟ ਨੇ ਇਸ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਢਾਹੁਣ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਹੁਕਮ ਦਿੱਤਾ ਕਿ ਜਿਨ੍ਹਾਂ ਨੇ ਫਲੈਟ ਬੁੱਕ ਕਰਵਾਏ ਹਨ, ਉਨ੍ਹਾਂ ਨੂੰ 14 ਫੀਸਦੀ ਵਿਆਜ ਦੇ ਨਾਲ ਪੈਸੇ ਵਾਪਸ ਕੀਤੇ ਜਾਣ। ਸੁਪਰਟੈੱਕ ਬਿਲਡਰ ਮਾਮਲਾ ਸੁਪਰੀਮ ਕੋਰਟ ਲੈ ਗਏ। ਸੁਪਰੀਮ ਕੋਰਟ ਨੇ 31 ਅਗਸਤ 2021 ਨੂੰ ਹੁਕਮ ਦਿੱਤਾ ਕਿ ਨਵੰਬਰ ਤੱਕ ਟਾਵਰ ਢਾਹ ਦਿੱਤੇ ਜਾਣ। ਨੋਇਡਾ ਅਥਾਰਟੀ ਨੇ ਕਿਹਾ ਕਿ 22 ਮਈ 2022 ਤੱਕ ਡੇਗ ਦਿੱਤੇ ਜਾਣਗੇ। ਆਖਰ ਐਤਵਾਰ ਉਹ ਦਿਨ ਆ ਗਿਆ, ਜਦੋਂ ਟਾਵਰ ਮਿਸਮਾਰ ਕਰ ਦਿੱਤੇ ਗਏ। ਟਾਵਰ ਭਾਰਤ ਦੀ ਐਡੀਫਾਈਸ ਤੇ ਦੱਖਣੀ ਅਫਰੀਕਾ ਦੇ ਜੈੱਟ ਡੈਮੋਲੀਸ਼ਨ ਕੰਪਨੀ ਨੇ ਮਿਲ ਕੇ ਢਾਹੇ। ਜੈੱਟ ਡੈਮੋਲੀਸ਼ਨ ਜੋਹਾਨਿਸਬਰਗ ਵਿਚ 108 ਮੀਟਰ ਉੱਚੀ ਬੈਂਕ ਆਫ ਲਿਸਬਨ ਦੀ ਇਮਾਰਤ, ਦੱਖਣੀ ਅਫਰੀਕਾ ਦਾ ਇਕ ਪਾਵਰ ਸਟੇਸ਼ਨ ਤੇ ਰਾਜਧਾਨੀ ਪਿ੍ਰਟੋਰੀਆ ਵਿਚ ਸੰਘਣੀ ਆਬਾਦੀ ਵਿਚ ਬਣੇ 14 ਮੰਜ਼ਲੇ ਟਵਿਨ ਟਾਵਰ ਡੇਗ ਚੁੱਕੀ ਹੈ। ਐਡੀਫਾਈਸ ਨੇ ਗੁਜਰਾਤ ਦਾ ਓਲਡ ਮੋਟੇਰਾ ਸਟੇਡੀਅਮ ਢਾਹਿਆ ਸੀ। ਐਡੀਫਾਈਸ ਦੇ ਡਾਇਰੈਕਟਰ ਉਤਕਰਸ਼ ਮਹੇਸ਼ਵਰੀ ਨੇ ਦੱਸਿਆ ਕਿ 29 ਤੇ 32 ਮੰਜ਼ਲਾ ਟਾਵਰਾਂ ਵਿਚ 9800 ਛੇਕ ਕਰਕੇ ਹਰੇਕ ਛੇਕ ਵਿਚ ਕਰੀਬ 1400 ਗਰਾਮ ਬਾਰੂਦ ਭਰਿਆ ਗਿਆ। ਕੁਲ 3700 ਕਿੱਲੋ ਬਾਰੂਦ ਇਸਤੇਮਾਲ ਹੋਇਆ। ਇਸ ਵਿਚ 325 ਕਿੱਲੋ ਸੁਪਰ ਪਾਵਰ ਜੈੱਲ, 63300 ਮੀਟਰ ਸੋਲਰ ਕਾਰਡ, ਸਾਫਟ ਟਿਊਬ, ਜਿਲੇਟਿਨ ਰਾਡ, 10900 ਡੈਟੋਨੇਟਰ ਤੇ 6 ਆਈ ਈ ਡੀ ਸ਼ਾਮਲ ਹਨ। ਇਸ ਅਪ੍ਰੇਸ਼ਨ ’ਤੇ ਕਰੀਬ 17 ਕਰੋੜ 55 ਲੱਖ ਰੁਪਏ ਖਰਚ ਹੋਏ। ਇਹ ਸੁਪਰਟੈੱਕ ਤੋਂ ਵਸੂਲੇ ਜਾਣਗੇ।
ਦੂਜੇ ਪਾਸੇ ਸੁਪਰਟੈੱਕ ਨੇ ਕਿਹਾ ਹੈ ਕਿ ਉਸ ਨੇ ਨੋਇਡਾ ਵਿਕਾਸ ਅਥਾਰਟੀ ਵੱਲੋਂ ਮਨਜ਼ੂਰ ਭਵਨ ਯੋਜਨਾ ਮੁਤਾਬਕ ਟਵਿਨ ਟਾਵਰ ਦਾ ਨਿਰਮਾਣ ਕੀਤਾ ਸੀ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਉਸ ਦਾ 500 ਕਰੋੜ ਦਾ ਨੁਕਸਾਨ ਹੋ ਗਿਆ ਹੈ। ਸੁਪਰਟੈੱਕ ਨੇ ਕਿਹਾ ਕਿ ਇਨ੍ਹਾਂ ਦੋ ਟਾਵਰਾਂ ਨੂੰ ਢਾਹੁਣ ਨਾਲ ਕੰਪਨੀ ਦੇ ਹੋਰ ਰੀਅਲ ਅਸਟੇਟ ਪ੍ਰਾਜੈਕਟਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਘਰ ਖਰੀਦਦਾਰਾਂ ਨੂੰ ਸਮੇਂ ਸਿਰ ਉਨ੍ਹਾਂ ਦੇ ਫਲੈਟ ਮੁਹੱਈਆ ਕਰਵਾਏ ਜਾਣਗੇ।