ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਮੋਦੀ-ਸ਼ਾਹ ਜੋੜੀ ਲਈ ਅਤਿਅੰਤ ਮਹੱਤਵਪੂਰਨ ਹਨ। ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਦੋ ਦਿਨਾ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਲਈ ਭੁੱਜ ਸ਼ਹਿਰ ਵਿੱਚ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਇਨ੍ਹਾਂ ਤਿਆਰੀਆਂ ਵਿੱਚ ਗੁਜਰਾਤ ਦੇ ਵਿਕਾਸ ਮਾਡਲ ਨੂੰ ਨਜ਼ਰ ਨਾ ਲੱਗ ਜਾਵੇ, ਇਸ ਲਈ ਗਰੀਬੀ ਨੂੰ ਪਰਦੇ ਪਿੱਛੇ ਲੁਕਾਇਆ ਗਿਆ ਸੀ।
ਗੁਜਰਾਤ ਵਿੱਚ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਅਮਰੀਕਾ ਦੇ ਵੇਲੇ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗੁਜਰਾਤ ਦੌਰੇ ਉੱਤੇ ਆਏ ਸਨ ਤਾਂ ਅਹਿਮਦਾਬਾਦ ਵਿੱਚ ਗਰੀਬੀ ਨੂੰ ਛੁਪਾਉਣ ਲਈ ਰਾਤੋ-ਰਾਤ ਸਫੈਦ ਚਾਦਰਾਂ ਦੀਆਂ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ। ਇਸ ਵਾਰ ਇਹ ਇਸ ਲਈ ਹਾਸੋਹੀਣਾ ਲੱਗ ਰਿਹਾ ਹੈ ਕਿ ਲੋਕਾਂ ਦੀ ਦੁਰਦਸ਼ਾ ਨੂੰ ਜਿਸ ਵਿਅਕਤੀ ਤੋਂ ਛੁਪਾਇਆ ਗਿਆ ਹੈ, ਉਹ ਖੁਦ ਉਸ ਰਾਜ ਦਾ ਮੁੱਖ ਮੰਤਰੀ ਰਿਹਾ ਹੈ ਤੇ 27 ਸਾਲਾਂ ਤੋਂ ਉਸੇ ਦੀ ਪਾਰਟੀ ਉੱਥੇ ਰਾਜ ਕਰਦੀ ਆ ਰਹੀ ਹੈ। ਇਹੋ ਨਹੀਂ ਨਰਿੰਦਰ ਮੋਦੀ ਨੇ ਕੇਂਦਰ ਦੀ ਰਾਜਗੱਦੀ ਹਾਸਲ ਕਰਨ ਲਈ ਇਸੇ ਰਾਜ ਦੇ ‘ਗੁਜਰਾਤ ਵਿਕਾਸ ਮਾਡਲ’ ਨੂੰ ਆਪਣੀ ਚੋਣ ਮੁਹਿੰਮ ਦਾ ਕੇਂਦਰੀ ਮੁੱਦਾ ਬਣਾਇਆ ਸੀ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਤੋਂ ਪਹਿਲਾਂ ਸਫੈਦ ਚਾਦਰਾਂ ਲਾ ਕੇ ਗਰੀਬੀ ਛੁਪਾਉਣ ਦੀ ਜਿਹੜੀ ਸਕੀਮ ਲਾਈ ਗਈ, ਉਸ ਨੇ ਹੀ ਅਸਲ ਵਿਕਾਸ ਦੀ ਹਕੀਕਤ ਨੂੰ ਨੰਗਾ ਕਰ ਦਿੱਤਾ।
ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਵਾਲੇ ਰਸਤੇ ਵਿਚਲੇ ਇਲਾਕਿਆਂ ਵਿੱਚੋਂ ਰੇਹੜੀ-ਪਟੜੀ ਲਾ ਕੇ ਰੋਜ਼ ਕਮਾਉਣ ਖਾਣ ਵਾਲੇ ਗਰੀਬ ਲੋਕਾਂ ਨੂੰ ਤਾਂ 4 ਦਿਨ ਪਹਿਲਾਂ ਹੀ ਭਜਾ ਦਿੱਤਾ ਗਿਆ ਸੀ। ਉਨ੍ਹਾਂ ਲੋਕਾਂ 4 ਦਿਨ ਕਿੱਦਾਂ ਗੁਜ਼ਾਰੇ, ਪ੍ਰਸ਼ਾਸਨ ਨੂੰ ਇਸ ਨਾਲ ਕੀ।
ਪ੍ਰਧਾਨ ਮੰਤਰੀ ਨੇ ਇਲਾਕੇ ਲਈ ਜਿਸ ਨਰਮਦਾ ਨਹਿਰ ਦਾ ਉਦਘਾਟਨ ਕੀਤਾ ਹੈ, ਉਹ ਇੱਕ ਮਹੀਨਾ ਪਹਿਲਾਂ ਹੀ ਚਾਲੂ ਹੋ ਕੇ ਪਹਿਲੇ ਹੀ ਦਿਨ ਟੁੱਟ ਵੀ ਚੁੱਕੀ ਹੈ। ਪ੍ਰਧਾਨ ਮੰਤਰੀ ਦੀ ਭੁੱਜ ਵਿੱਚ ਹੋਈ ਜਨ ਸਭਾ ਲਈ ਲੋਕਾਂ ਨੂੰ ਦੇਣ ਲਈ ਢਾਈ ਲੱਖ ਫੂਡ ਪੈਕਟ ਤਿਆਰ ਕੀਤੇ ਗਏ ਸਨ। ਇਹ ਫੂਡ ਪੈਕਟ ਪ੍ਰਧਾਨ ਮੰਤਰੀ ਦੇ ਸ਼ਬਦਾਂ ਵਿੱਚ ਰਿਓੜੀਆਂ ਸਨ ਜਾਂ ਅੰਨ ਸੁਰੱਖਿਆ ਕੋਟੇ ਵਿੱਚੋਂ ਤਿਆਰ ਕੀਤੇ ਗਏ ਸਨ, ਇਸ ਦਾ ਪਤਾ ਤਾਂ ਪ੍ਰਸ਼ਾਸਨ ਨੂੰ ਹੀ ਹੋਵੇਗਾ। ਪ੍ਰਧਾਨ ਮੰਤਰੀ ਦੀ ਜਨ ਸਭਾ ਵਿੱਚ ਲੋਕਾਂ ਨੂੰ ਢੋਣ ਲਈ ਸਟੇਟ ਟਰਾਂਸਪੋਰਟ ਦੀਆਂ 2400 ਬੱਸਾਂ ਨੂੰ ਲਾਇਆ ਗਿਆ ਸੀ। ਪ੍ਰਧਾਨ ਮੰਤਰੀ ਦੇ ਰਸਤੇ ’ਚ ਪੈਂਦੀਆਂ ਸਭ ਸੜਕਾਂ ਦੀ ਮੁਰੰਮਤ ਕੀਤੀ ਗਈ ਸੀ। ਇਨ੍ਹਾਂ ਸੜਕਾਂ ਦੇ ਦੋਵੀਂ ਪਾਸੀਂ ਫੁੱਲਦਾਰ ਪੌਦੇ ਲਾ ਕੇ ਰਾਹ ਨੂੰ ਸ਼ਿੰਗਾਰਿਆ ਗਿਆ ਸੀ। ਜਦੋਂ ਪ੍ਰਧਾਨ ਮੰਤਰੀ ਖੁਦ ਮੇਜ਼ਬਾਨ ਸਨ ਤਾਂ ਉਨ੍ਹਾ ਮਹਿਮਾਨ ਬਣ ਕੇ ਗੁਜਰਾਤ ਪਧਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸੇ ਤਰ੍ਹਾਂ ਘੁਮਾਇਆ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਖੁਦ ਮਹਿਮਾਨ ਹਨ, ਤਦ ਉਨ੍ਹਾ ਦੇ ਪੈਰੋਕਾਰਾਂ ਨੇ ਉਨ੍ਹਾ ਨੂੰ ਵੀ ਟਰੰਪ ਵਾਂਗ ਹੀ ਘੁਮਾਇਆ ਹੈ।
ਪ੍ਰਧਾਨ ਮੰਤਰੀ ਦੀ ਫੇਰੀ ਨਾਲ ਗੁਜਰਾਤ ਵਿੱਚ ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਤਾਂ ਬੜਾ ਚਿਰ ਪਹਿਲਾਂ ਤੋਂ ਹੀ ਆਪਣੀ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਖੁਦ ਕੇਜਰੀਵਾਲ ਅਗਸਤ ਦੇ ਮਹੀਨੇ ਦੌਰਾਨ ਹੀ ਪੰਜ ਵਾਰ ਗੁਜਰਾਤ ਦੀ ਫੇਰੀ ਲਾ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਆਪਣੇ ਕਰੀਬ ਅੱਧੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਉਹ ਕੁਝ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਹਾਲੇ ਪਛੜੀ ਹੋਈ ਹੈ। ਲਗਦਾ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਮੁੱਦੇ ਦਾ ਮਸਲਾ ਹੱਲ ਹੋ ਜਾਣ ਤੋਂ ਬਾਅਦ ਹੀ ਕਾਂਗਰਸ ਗੁਜਰਾਤ ਚੋਣਾਂ ਦੇ ਮੈਦਾਨ ਵਿੱਚ ਸਰਗਰਮ ਹੋ ਸਕੇਗੀ। ਕਾਂਗਰਸ ਜੇਕਰ ਚੋਣਾਂ ਵਿੱਚ ਠੀਕ ਗੋਟੀਆਂ ਬਿਠਾ ਗਈ, ਤਦ ਇਸ ਵਾਰ ਗੁਜਰਾਤ ਦਾ ਚੋਣ ਯੁੱਧ ਕਾਫ਼ੀ ਫਸਵਾਂ ਰਹਿਣ ਦੇ ਆਸਾਰ ਹਨ। ਬਾਕੀ ਹਾਲੇ ਸ਼ੁਰੂਆਤੀ ਦਿਨ ਹਨ, ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਸਾਫ਼ ਹੁੰਦੀ ਰਹੇਗੀ।