ਬੋਹਾ (ਨਿਰੰਜਣ ਬੋਹਾ, ਅਸ਼ੋਕ ਲਾਕੜਾ, ਆਤਮਾ ਸਿੰਘ)
ਬੀਤੀ 8 ਮਾਰਚ ਨੂੰ ਸੀ ਪੀ ਆਈ ਆਗੂ ਮਨਜੀਤ ਕੌਰ ਗਾਮੀਵਾਲਾ ਦੇ ਵਹਿਸ਼ੀਅਨਾ ਢੰਗ ਨਾਲ ਹੋਏ ਕਤਲ ਸੰਬੰਧੀ ਇਨਸਾਫ਼ ਦਿਵਾਉਣ ਲਈ ਕੁਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਏਟਕ ਆਗੂ ਜਗਸੀਰ ਰਾਏਕੇ ਦੀ ਅਗਵਾਈ ਹੇਠ ਸੈਂਕੜੇ ਪਾਰਟੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਥਾਣਾ ਬੋਹਾ ਅੱਗੇ ਵਿਸ਼ਾਲ ਰੋਹ ਭਰਪੂਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਨਜੀਤ ਕੌਰ ਗਾਮੀਵਾਲਾ ਦੇ ਕਤਲ ਕੇਸ ਨੂੰ ਕੁਝ ਪੁਲਸ ਅਫਸਰ ਲਗਾਤਾਰ ਕਮਜ਼ੋਰ ਕਰ ਰਹੇ ਹਨ। ਉਨ੍ਹਾ ਕਿਹਾ ਕਿ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਜਾਣ ਬੁੱਝ ਕੇ ਬਚਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਬੇਇਨਸਾਫ਼ੀ ਖਿਲਾਫ ਇਲਾਕੇ, ਜਨਤਕ ਧਿਰਾਂ ਤੇ ਸਿਆਸੀ ਖੇਤਰ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾ ਇਸ ਕਤਲ ਕਾਂਡ ਵਿਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਪੁਲਸ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਸਿੰਘ ਚੌਹਾਨ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਇਨਸਾਫ ਲੈਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਤੇ ਹਰ ਪੱਖੋਂ ਸਹਿਯੋਗ ਦੀ ਅਪੀਲ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ੍ਹ, ਲਛਮਣ ਸਿੰਘ ਚੱਕ ਅਲੀ ਸ਼ੇਰ, ਪ੍ਰਸ਼ੋਤਮ ਸਿੰਘ ਗਿੱਲ, ਰਾਮਫਲ ਸਿੰਘ ਚੱਕ ਅਲੀ ਸ਼ੇਰ, ਅਮਰੀਕ ਸਿੰਘ ਫਫੜੇ, ਜਗਦੇਵ ਸਿੰਘ ਚਕੇਰੀਆਂ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਕਾਂਗਰਸ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਸੁਖਪਾਲ ਸਿੰਘ ਹਾਕਮਵਾਲਾ ਆਦਿ ਬੁਲਾਰਿਆਂ ਨੇ ਵੀ ਕਤਲ ਕਾਂਡ ਵਿਚ ਸਾਜ਼ਿਸ਼ਕਰਤਾ ਨੂੰ ਜਨਤਕ ਕਰਕੇ ਸਜ਼ਾ ਦੇਣ, ਰਹਿੰਦੇ ਮੁਲਜ਼ਮ ਨੂੰ ਗਿ੍ਰਫਤਾਰ ਕਰਨ, ਥਾਣਾ ਬੋਹਾ ਦੇ ਉਸ ਮੌਕੇ ਦੇ ਮੁਖੀ ਨੂੰ ਬਰਖਾਸਤ ਕਰਨ ਦੀ ਮੰਗ ਦੀ ਹਮਾਇਤ ਕੀਤੀ । ਇਸ ਮੌਕੇ ਸਬ-ਡਵੀਜ਼ਨ ਬੁਢਲਾਡਾ ਦੇ ਉਪ ਪੁਲਸ ਕਪਤਾਨ ਸਿਕੰਦਰ ਸਿੰਘ ਚੀਮਾ ਨੇ ਪਰਵਾਰ ਨੂੰ ਇਨਸਾਫ਼ ਦੇਣ ਸੰਬੰਧੀ ਵਿਸ਼ਵਾਸ ਦਿਵਾਇਆ। ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ, ਹਰਪ੍ਰੀਤ ਪਿਆਰੀ, ਲਛਮਣ ਸਿੰਘ ਗੰਢੂ, ਹਰਪ੍ਰੀਤ ਮਾਨਸਾ, ਹਰਮੀਤ ਸਿੰਘ ਬੋੜਾਵਾਲ, ਰਤਨ ਭੋਲਾ, ਭੁਪਿੰਦਰ ਗੁਰਨੇ, ਹਰੀ ਸਿੰਘ ਅੱਕਾਂਵਾਲੀ, ਤਰਸੇਮ ਬੋਹਾ, ਜੱਗਾ ਸ਼ੇਰ ਖਾਂ, ਮਲਕੀਤ ਸਿੰਘ ਬਖਸ਼ੀਵਾਲਾ, ਪਵਨ ਬੁਢਲਾਡਾ, ਹਰਬੰਸ ਸਿੰਘ ਫੌਜੀ, ਚਿਮਨ ਲਾਲ ਕਾਕਾ, ਮਨਪ੍ਰੀਤ ਫਰੀਦਕੇ, ਕੇਵਲ ਮੰਦਰਾਂ ਤੇ ਅਸ਼ੋਕ ਲਾਕੜਾ ਆਦਿ ਆਗੂ ਸ਼ਾਮਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਮਲਕੀਤ ਮੰਦਰਾਂ ਵੱਲੋਂ ਨਿਭਾਈ ਗਈ।





