ਨਵੀਂ ਦਿੱਲੀ : ਇਤਿਹਾਸਕ ਕਾਲਕਾ-ਸ਼ਿਮਲਾ ਟਾਇ ਟਰੇਨ ਦਾ ਸਫਰ ਘਟਾ ਕੇ ਦੋ ਘੰਟੇ ਕਰਨ ਲਈ ਇਸ ਦੀ ਸਪੀਡ ਵਧਾਉਣ ਦੀ ਯੋਜਨਾ ਖਟਾਈ ਵਿਚ ਪੈ ਗਈ ਹੈ। ਰੇਲਵੇ ਮੁਤਾਬਕ ਤਿੱਖੇ ਮੋੜਾਂ ਤੇ ਢਲਾਣਾਂ ਕਾਰਨ ਟਾਇ ਟਰੇਨ ਦੀ ਸਪੀਡ ਵਧਾਉਣੀ ਟੈਕਨੀਕਲੀ ਅਸੰਭਵ ਹੈ।
ਹਿਮਾਚਲ ਸਰਕਾਰ ਵੱਲੋਂ ਸਪੀਡ ਵਧਾਉਣ ਦੀ ਕੀਤੀ ਗਈ ਬੇਨਤੀ ਤੋਂ ਬਾਅਦ ਉਤਰ ਰੇਲਵੇ ਨੇ ਰਿਸਰਚ ਡਿਜ਼ਾਈਨਜ਼ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰ ਡੀ ਐੱਸ ਓ) ਤੋਂ ਇਸ ਦਾ ਅਧਿਅਨ ਕਰਵਾਇਆ। ਇਕ ਅਧਿਕਾਰੀ ਨੇ ਕਿਹਾਮੋੜ ਬਹੁਤ ਹਨ। ਅੰਤਮ ਫੈਸਲਾ ਆਰ ਡੀ ਐੱਸ ਓ ਦੀ ਅੰਤਮ ਰਿਪੋਰਟ ਮਿਲਣ ਤੋਂ ਬਾਅਦ ਲਿਆ ਜਾਵੇਗਾ, ਪਰ ਲੱਗਦਾ ਨਹੀਂ ਕਿ ਸਪੀਡ ਵਧੇਗੀ। ਇਕ ਸੂਤਰ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 62 ਵਾਰ ਢਿੱਗਾਂ ਡਿੱਗੀਆਂ। ਕਰੀਬ 90 ਫੀਸਦੀ ਰੂਟ ਘੁਮਾਓਦਾਰ ਹੈ ਤੇ ਇਕ ਥਾਂ ਤਾਂ 24 ਡਿਗਰੀ ਤਿੱਖਾ ਮੋੜ ਹੈ।
ਸਲੋਅ ਸਪੀਡ ਕਰਕੇ ਹੀ ਹਾਦਸੇ ਤੋਂ ਬਚਾਅ ਰਹਿੰਦਾ ਹੈ। ਇਸ ਵੇਲੇ ਟਰੇਨ 22-25 ਕਿੱਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਲਦੀ ਹੈ ਤੇ ਸਪੀਡ 30-35 ਕਿੱਲੋਮੀਟਰ ਕਰਨ ਦੀ ਯੋਜਨਾ ਸੀ। ਇਸ ਟਾਇ ਟਰੇਨ ਨੂੰ ਯੂਨੈਸਕੋ ਨੇ 10 ਸਾਲ ਪਹਿਲਾਂ ਵਿਸ਼ਵ ਵਿਰਾਸਤ ਐਲਾਨਿਆ ਸੀ।
ਸਪੀਡ ਤਾਂ ਵਧਦੀ ਨਹੀਂ ਲੱਗਦੀ, ਪਰ ਬਿ੍ਰਟਿਸ਼ ਕਾਲ ਦੇ ਡੱਬੇ ਅਗਲੇ 10 ਮਹੀਨਿਆਂ ਵਿਚ ਸ਼ਾਨਦਾਰ ਡੱਬਿਆਂ ਨਾਲ ਬਦਲ ਦਿੱਤੇ ਜਾਣਗੇ।
ਰੇਲ ਕੋਚ ਫੈਕਟਰੀ ਕਪੂਰਥਲਾ ਕਰੀਬ 30 ਡੱਬੇ ਬਣਾ ਰਹੀ ਹੈ। ਕਾਲਕਾ-ਸ਼ਿਮਲਾ ਰੂਟ ’ਤੇ ਕਾਲਕਾ-ਸ਼ਿਮਲਾ ਪੈਸੰਜਰ, ਸ਼ਿਵਾਲਿਕ ਐੱਕਸਪ੍ਰੈੱਸ, ਕਾਲਕਾ-ਸ਼ਿਮਲਾ ਐੱਕਸਪ੍ਰੈੱਸ, ਹਿਮਾਲੀਅਨ ਕੁਈਨ ਤੇ ਰੇਲ ਮੋਟਰ ਚਲਦੀਆਂ ਹਨ। ਕਰੀਬ 20 ਸਟੇਸ਼ਨ ਪੈਂਦੇ ਹਨ ਤੇ ਟਰੇਨਾਂ ਕਰੀਬ 900 ਮੋੜ ਕੱਟਦੀਆਂ ਹਨ। ਭਾਰਤ ਵਿਚ ਤਿੰਨ ਹੋਰ ਨੈਰੋ-ਗੇਜ ਰੂਟ ਹਨ, ਜਿਨ੍ਹਾਂ ’ਤੇ ਟਾਇ ਟਰੇਨਾਂ ਚਲਦੀਆਂ ਹਨਦਾਰਜਲਿੰਗ, ਪਠਾਨਕੋਟ ਤੇ ਊਟੀ।