ਪੁਤਿਨ ਤੇ ਮੋਦੀ ਵਿਚਾਲੇ ਗੱਲਬਾਤ

0
89

ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਉਨ੍ਹਾ ਇਸ ਭਿਆਨਕ ਹਮਲੇ ਦੀ ਸਖਤ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਪੁਤਿਨ ਨੇ ਮੋਦੀ ਨੂੰ ਇਹ ਵੀ ਕਿਹਾ ਕਿ ਰੂਸ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਦਾ ਪੂਰਾ ਸਮਰਥਨ ਕਰਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਮੋਦੀ ਅਤੇ ਪੁਤਿਨ ਨੇ ਭਾਰਤ-ਰੂਸ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਰੂਸੀ ਰਾਸ਼ਟਰਪਤੀ ਨੂੰ ਜਿੱਤ ਦਿਵਸ ਦੀ 80ਵੀਂ ਵਰ੍ਹੇਗੰਢ ਦੇ ਜਸ਼ਨ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਪੁਤਿਨ ਨੂੰ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਭਾਰਤ-ਰੂਸ ਸਾਲਾਨਾ ਸੰਮੇਲਨ ਲਈ ਸੱਦਾ ਵੀ ਦਿੱਤਾ।
ਰੱਖਿਆ ਸਕੱਤਰ ਨਾਲ ਮੋਦੀ ਦੀ ਮੀਟਿੰਗ
ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਬਣੇ ਹਾਲਾਤ ’ਤੇ ਨਜ਼ਰਸਾਨੀ ਤੇ ਅਗਲੇਰੀ ਰਣਨੀਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਟਿੱਪਣੀ ਤੋਂ ਇੱਕ ਦਿਨ ਬਾਅਦ ਹੋਈ, ਜਿਸ ਵਿੱਚ ਉਨ੍ਹਾ ਕਿਹਾ ਸੀ, ‘ਤੁਹਾਨੂੰ ਉਹ ਜਵਾਬ ਮਿਲੇਗਾ, ਜਿਸ ਦੀ ਤੁਸੀਂ ਮੰਗ ਕਰ ਰਹੇ ਹੋ।’
ਲਗਾਤਾਰ ਗਿਆਰ੍ਹਵੀਂ ਰਾਤ ਗੋਲੀਬਾਰੀ
ਜੰਮੂ : ਪਾਕਿਸਤਾਨੀ ਫੌਜਾਂ ਨੇ ਲਗਾਤਾਰ ਗਿਆਰ੍ਹਵੀਂ ਰਾਤ ਐਤਵਾਰ ਕੰਟਰੋਲ ਰੇਖਾ ਦੇ ਨਾਲ ਅੱਠ ਮੂਹਰਲੇ ਸੈਕਟਰਾਂ ਵਿੱਚ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ। 4 ਤੇ 5 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਤੋਂ ਐੱਲ ਓ ਸੀ ਦੇ ਨਾਲ ਕੁਪਵਾੜਾ, ਬਾਰਾਮੂਲਾ, ਪੁਣਛ, ਰਾਜੌਰੀ, ਮੇਂਧੜ, ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ਵਿੱਚ ਫਾਇਰਿੰਗ ਕੀਤੀ ਗਈ।