ਪਾਕਿਸਤਾਨ ’ਤੇ ਸਹਿੰਦੀ-ਸਹਿੰਦੀ ਮਾਰ

0
85

ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ 9 ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ, ਜੋ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਭਾਰਤੀ ਫੌਜ ਨੇ ਬੁੱਧਵਾਰ ਵੱਡੇ ਤੜਕੇ 1.44 ਵਜੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਹਮਲੇ ‘ਅਪ੍ਰੇਸ਼ਨ ਸਿੰਧੂਰ’ ਤਹਿਤ ਕੀਤੇ ਗਏ।
ਭਾਰਤੀ ਥਲ ਸੈਨਾ ਤੇ ਹਵਾਈ ਸੈਨਾ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ‘ਕੇਂਦਰਤ ਤੇ ਨਪੀਆਂ-ਤੁਲੀਆਂ’ ਰਹੀਆਂ ਹਨ। ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤ ਨੇ ਟੀਚਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫੀ ਸੰਜਮ ਨਾਲ ਕੰਮ ਲਿਆ ਹੈ।
ਵੱਡਾ ਹਮਲਾ ਸਾਂਬਾ ਦੇ ਸਾਹਮਣੇ ਸਰਹੱਦ ਤੋਂ ਸਿਰਫ 30 ਕਿੱਲੋਮੀਟਰ ਦੂਰ ਮੁਰੀਦਕੇ ਵਿੱਚ ਲਸ਼ਕਰ-ਏ-ਤਈਬਾ ਦੇ ਸਿਖਲਾਈ ਕੈਂਪ ’ਤੇ ਕੀਤਾ ਗਿਆ। ਪੁਣਛ-ਰਾਜੌਰੀ ਸੈਕਟਰ ਵਿੱਚ ਗੁਲਪੁਰ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਟਿਕਾਣੇ ਨੂੰ 20 ਅਪਰੈਲ, 2023 ਨੂੰ ਪੁਣਛ ਵਿੱਚ ਹੋਏ ਘਾਤਕ ਹਮਲੇ ਦੇ ਨਾਲ ਜੂਨ 2024 ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ’ਤੇ ਹਮਲੇ ਲਈ ਲਾਂਚਪੈਡ ਮੰਨਿਆ ਜਾਂਦਾ ਸੀ। ਮਕਬੂਜ਼ਾ ਕਸ਼ਮੀਰ ਦੇ ਤੰਗਧਾਰ ਸੈਕਟਰ ਅੰਦਰ ਲਸ਼ਕਰ-ਏ-ਤਈਬਾ ਵੱਲੋਂ ਚਲਾਏ ਜਾ ਰਹੇ ਸਵਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਟਿਕਾਣੇ ਤੋਂ 20 ਅਕਤੂਬਰ 2024 ਨੂੰ ਸੋਨਮਰਗ, 24 ਅਕਤੂਬਰ ਨੂੰ ਗੁਲਮਰਗ ਅਤੇ 22 ਅਪਰੈਲ, 2025 ਨੂੰ ਪਹਿਲਗਾਮ ’ਚ ਹਮਲੇ ਕਰਵਾਏ ਗਏ। ਜੈਸ਼-ਏ-ਮੁਹੰਮਦ ਦੇ ਇਕ ਹੋਰ ਲਾਂਚਪੈਡ ਬਿਲਾਲ ਕੈਂਪ ਨੂੰ ਹਵਾਈ ਹਮਲਿਆਂ ਦੀ ਮਾਰ ਹੇਠ ਲਿਆਂਦਾ ਗਿਆ। ਕੋਟਲੀ ਕੈਂਪ, ਜੋ ਰਾਜੌਰੀ ਦੇ ਸਾਹਮਣੇ ਲਸ਼ਕਰ-ਏ-ਤਈਬਾ ਦਾ ਟਿਕਾਣਾ ਹੈ, ਵਿੱਚ ਇੱਕ ਸਮੇਂ ਕਰੀਬ 50 ਕਾਰਕੁਨ ਰਹਿੰਦੇ ਸਨ, ਜੋ ਸਮਰਪਤ ਆਤਮਘਾਤੀ ਹਮਲਾਵਰ ਸਿਖਲਾਈ ਕੇਂਦਰ ਵਜੋਂ ਕੰਮ ਕਰਦੇ ਸਨ। ਇਸ ਦੇ ਨਾਲ ਹੀ ਕੰਟਰੋਲ ਰੇਖਾ ਤੋਂ ਸਿਰਫ 10 ਕਿਲੋਮੀਟਰ ਦੂਰ ਬਰਨਾਲਾ ਕੈਂਪ ਨੂੰ ਵੀ ਤਬਾਹ ਕੀਤਾ ਗਿਆ ਹੈ, ਜੋ ਜੰਮੂ ਅਤੇ ਰਾਜੌਰੀ ਵਿੱਚ ਜਾਣ ਵਾਲੇ ਅੱਤਵਾਦੀਆਂ ਲਈ ਇੱਕ ਲੌਜਿਸਟਿਕ ਅਤੇ ਮੁੜ ਸੰਗਠਨ ਕੇਂਦਰ ਵਜੋਂ ਕੰਮ ਕਰਦਾ ਸੀ।
ਕੌਮਾਂਤਰੀ ਸਰਹੱਦ ਨੇੜੇ ਸਰਜਲ ਕੈਂਪ, ਜੋ ਸਾਂਬਾ-ਕਠੂਆ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼-ਏ-ਮੁਹੰਮਦ ਦਾ ਇਕ ਹੋਰ ਟਿਕਾਣਾ ਹੈ, ਨੂੰ ਛੋਟੀ ਦੂਰੀ ਦੀ ਘੁਸਪੈਠ ਅਤੇ ਤੇਜ਼ ਹਮਲੇ ਦੇ ਮਿਸ਼ਨਾਂ ਵਿੱਚ ਭੂਮਿਕਾ ਲਈ ਨਿਸ਼ਾਨਾ ਬਣਾਇਆ ਗਿਆ। ਅਖੀਰ ਵਿਚ ਭਾਰਤੀ ਜਹਾਜ਼ਾਂ ਨੇ ਸਿਆਲਕੋਟ ਨੇੜੇ ਮਹਿਮੂਨਾ ਕੈਂਪ ’ਤੇ ਹਮਲਾ ਕੀਤਾ, ਜੋ ਕਿ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੂਰ ਹਿਜ਼ਬੁਲ ਮੁਜਾਹਿਦੀਨ ਦਾ ਸਿਖਲਾਈ ਕੇਂਦਰ ਹੈ।
ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਕੋਟਲੀ ਅਤੇ ਮੁਜ਼ੱਫਰਾਬਾਦ ਅਤੇ ਪੰਜਾਬ ਦੇ ਬਹਾਵਲਪੁਰ ਵਿੱਚ ਮਿਜ਼ਾਈਲ ਹਮਲੇ ਕੀਤੇ ਗਏ। ਭਾਰਤ ਨੇ ਬਹਾਵਲਪੁਰ ਦੇ ਅਹਿਮਦ ਪੂਰਬੀ ਖੇਤਰ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਤਿੰਨ ਥਾਵਾਂ ’ਤੇ ਹਵਾਈ ਹਮਲੇ ਕੀਤੇ।
ਚੌਧਰੀ ਨੇ ਕਿਹਾ, ‘ਇਹ ਬੁਜ਼ਦਿਲਾਨਾ ਅਤੇ ਸ਼ਰਮਨਾਕ ਹਮਲਾ ਭਾਰਤ ਦੇ ਹਵਾਈ ਖੇਤਰ ਦੇ ਅੰਦਰੋਂ ਕੀਤਾ ਗਿਆ। ਉਨ੍ਹਾਂ ਨੂੰ ਕਦੇ ਵੀ ਪਾਕਿਸਤਾਨ ਦੇ ਖੇਤਰ ਵਿੱਚ ਆਉਣ ਅਤੇ ਘੁਸਪੈਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।’ ਚੌਧਰੀ ਨੇ ਅੱਗੇ ਕਿਹਾ, ‘ਮੈਂ ਇਹ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਆਪਣੀ ਪਸੰਦ ਦੇ ਸਮੇਂ ਅਤੇ ਸਥਾਨ ’ਤੇ ਇਸ ਦਾ ਜਵਾਬ ਦੇਵੇਗਾ। ਇਸ ਘਿਨਾਉਣੀ ਭੜਕਾਹਟ ਦਾ ਜਵਾਬ ਦਿੱਤਾ ਜਾਵੇਗਾ।’
ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਮਿਜ਼ਾਈਲ ਹਮਲਿਆਂ ਵਿਚ ਘੱਟੋ-ਘੱਟ 26 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋਏ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ। ਉਨ੍ਹਾ ਕਿਹਾ, ‘ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੇ ਗਏ ਇਸ ਯੁੱਧ ਦੇ ਜਵਾਬ ਵਿੱਚ ਢੁਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ ਅਤੇ ਸੱਚਮੁੱਚ ਸਖਤ ਜਵਾਬ ਦਿੱਤਾ ਜਾ ਰਿਹਾ ਹੈ।’ ਉਨ੍ਹਾ ਕਿਹਾ, ‘ਅਸੀਂ ਦੁਸ਼ਮਣ ਨੂੰ ਕਦੇ ਵੀ ਆਪਣੇ ਨਾਪਾਕ ਉਦੇਸ਼ਾਂ ਵਿਚ ਸਫਲ ਨਹੀਂ ਹੋਣ ਦੇਵਾਂਗੇ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਢਾਂਚਿਆਂ ਵਿਰੁੱਧ ‘ਗੈਰ-ਵਧਾਊ ਅਤੇ ਗੈਰ-ਫੌਜੀ’ ਹਮਲੇ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲ ਕੇ ਵੀ ਜਾਣਕਾਰੀ ਦਿੱਤੀ।ਇਸੇ ਦੌਰਾਨ ਸਰਕਾਰ ਨੇ ਵੀਰਵਾਰ ਨੂੰ ਇਸ ਮੁੱਦੇ ’ਤੇ ਸਰਬ-ਪਾਰਟੀ ਮੀਟਿੰਗ ਵੀ ਸੱਦੀ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਕਾਰਵਾਈ ਨੂੰ ਅਨੁਪਾਤਕ, ਗੈਰ-ਫੌਜੀ ਅਤੇ ਗੈਰ-ਵਧਾਊ’ ਕਰਾਰ ਦਿੱਤਾ ਹੈ।
ਮਿਸਰੀ ਨੇ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ/ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਟੱਪ ਗਿਆ ਸੀ। ਇਹ ਹਮਲਾ ਸਿਰਫ ਬੇਦੋਸ਼ੇ ਨਾਗਰਿਕਾਂ ’ਤੇ ਨਹੀਂ, ਬਲਕਿ ਇਹ ਜੰਮੂ-ਕਸ਼ਮੀਰ ਦੀ ਉਸ ਸ਼ਾਂਤੀ ਤੇ ਵਿਕਾਸ ਅਮਲ ’ਤੇ ਸਿੱਧਾ ਹਮਲਾ ਸੀ, ਜਿਸ ਨੂੰ ਸਾਲਾਂ ਦੀ ਮਿਹਨਤ ਨਾਲ ਸਥਾਪਤ ਕੀਤਾ ਗਿਆ ਹੈ।
ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਵਿਚਲੇ ਭਾਰਤੀ ਪ੍ਰਤੀਨਿਧੀ (ਚਾਰਜ ਡੀ ਅਫੇਅਰਜ਼) ਨੂੰ ਤਲਬ ਕਰਕੇ ਹਮਲਿਆਂ ਵਿਰੁੱਧ ਸਖਤ ਵਿਰੋਧ ਦਰਜ ਕਰਵਾਇਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਦੇ ਨਤੀਜੇ ਵਜੋਂ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਖਬਰ ਹੈ। 1971 ਦੀ ਜੰਗ ਤੋਂ ਬਾਅਦ ਭਾਵ 54 ਸਾਲ ਵਿੱਚ ਪਾਕਿਸਤਾਨੀ ਪੰਜਾਬ ਉੱਤੇ ਪਹਿਲਾ ਫੌਜੀ ਹਮਲਾ ਹੈ। ਇਸ ਤੋਂ ਪਹਿਲਾਂ ਹੋਏ ਹਮਲਿਆਂ ਜਾਂ ਝੜਪਾਂ, ਜਿਨ੍ਹਾਂ ਵਿੱਚ ਕਾਰਗਿਲ ਜੰਗ ਵੀ ਸ਼ਾਮਲ ਹੈ, ਦੌਰਾਨ ਪੰਜਾਬ ਦੇ ਪਾਕਿਸਤਾਨੀ ਪਾਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪਾਕਿਸਤਾਨੀ ਫੌਜ ਤੇ ਮੁਲਕ ਦਾ ਹਾਕਮ ਵਰਗ ਮੁੱਖ ਤੌਰ ’ਤੇ ਲਹਿੰਦੇ ਪੰਜਾਬ ਤੋਂ ਹੈ।