ਜੰਮੂ : ਰਾਮਬਨ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੌਰਾਨ ਢਿੱਗਾਂ ਖਿਸਕਣ ਅਤੇ ਪਹਾੜੀਆਂ ਤੋਂ ਪੱਥਰ ਡਿੱਗਣ ਕਾਰਨ ਵੀਰਵਾਰ ਸਵੇਰ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਆਵਜਾਈ ਨੂੰ ਰੋਕ ਦਿੱਤਾ ਗਿਆ। ਅਚਾਨਕ ਆਏ ਹੜ੍ਹ ਨੇ ਰਾਮਬਨ ਬਾਜ਼ਾਰ ਨੂੰ ਵੀ ਪ੍ਰਭਾਵਤ ਕੀਤਾ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸੀਰੀ ਅਤੇ ਨਚਲਾਨਾ ਵਿਚਕਾਰ ਢਿੱਗਾਂ ਖਿਸਕਣ ਕਾਰਨ ਦੋਹਾਂ ਪਾਸੇ ਸੈਂਕੜੇ ਵਾਹਨ ਫਸੇ ਹੋਏ ਹਨ। ਇਹ ਰਾਜਮਾਰਗ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੀ ਇੱਕੋ-ਇਕ ਸੜਕ ਹੈ, ਜੋ ਹਰ ਮੌਸਮ ਵਿੱਚ ਖੁੱਲ੍ਹੀ ਰਹਿੰਦੀ ਹੈ।
ਹੈਲੀਕਾਪਟਰ ਡਿੱਗਿਆ, 6 ਮੌਤਾਂ
ਦੇਹਰਾਦੂਨ : ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਵਿੱਚ ਰਿਸ਼ੀਕੇਸ਼-ਗੰਗੋਤਰੀ ਨੈਸ਼ਨਲ ਹਾਈਵੇ ’ਤੇ ਵੀਰਵਾਰ ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਗੰਗਾਨਾਨੀ ’ਚ ਹੈਲੀਕਾਪਟਰ ਡਿੱਗਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਬੈੱਲ ਹੈਲੀਕਾਪਟਰ ਅਹਿਮਦਾਬਾਦ ਅਧਾਰਤ ਨਿੱਜੀ ਕੰਪਨੀ ਐਰੋਟਰਾਂਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦਾ ਸੀ।
ਸੋਨੂੰ ਖੱਤਰੀ ਦਾ ਸਾਥੀ ਗਿ੍ਰਫ਼ਤਾਰ
ਚੰਡੀਗੜ੍ਹ (ਗੁਰਜੀਤ ਬਿੱਲਾ/ਕਿ੍ਰਸ਼ਨ ਗਰਗ)-ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਪੰਜਾਬ ਨੇ ਮੁਹਾਲੀ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਮੁੱਖ ਸਾਥੀ ਹਰਜਿੰਦਰ ਸਿੰਘ ਨੂੰ ਖਰੜ ਬੱਸ ਸਟੈਂਡ ਤੋਂ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਵੀਰਵਾਰ ਦਿੱਤੀ।ਪੁਲਸ ਟੀਮਾਂ ਨੇ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ, ਜਿਨ੍ਹਾਂ ਵਿੱਚ ਦੋ .32 ਬੋਰ ਅਤੇ ਇੱਕ .30 ਬੋਰ ਸਮੇਤ 14 ਕਾਰਤੂਸ ਬਰਾਮਦ ਕੀਤੇ ਹਨ। ਡੀ ਜੀ ਪੀ ਨੇ ਕਿਹਾ ਕਿ ਮੁਲਜ਼ਮ ਖਰੜ ਦੇ ਫਿਊਚਰ ਹਾਈਟਸ ਵਿਖੇ ਵਿਰੋਧੀ ਗੈਂਗ ਦੇ ਮੈਂਬਰਾਂ ਤੇ ਹਥਿਆਰਬੰਦ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਸੀ।




