ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰੇਸ਼ਨ ਸਿੰਧੂਰ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਟਿਕਾਣਿਆਂ ’ਤੇ ਸਟੀਕ ਫੌਜੀ ਹਮਲਿਆਂ ਦੌਰਾਨ ਘੱਟੋ-ਘੱਟ 100 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸਿੰਘ ਨੇ ਇਹ ਵੀ ਕਿਹਾ ਕਿ ਅਪ੍ਰੇਸ਼ਨ ਅਜੇ ਖਤਮ ਨਹੀਂ ਹੋਇਆ।
ਉਨ੍ਹਾ ਸਰਬ ਪਾਰਟੀ ਮੀਟਿੰਗ ਵਿੱਚ ਕਿਹਾ ਕਿ ਹਮਲੇ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਸਨ। ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਕਾਰਵਾਈ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਤੋਂ ਸੰਚਾਲਤ ਚੋਣਵੇਂ ਅੱਤਵਾਦੀ ਸਿਖਲਾਈ ਕੈਂਪਾਂ ’ਤੇ ਕੇਂਦਰਤ ਸੀ ਤੇ ਇਸ ਦੌਰਾਨ ਗੈਰ-ਫੌਜੀ ਟਿਕਾਣਿਆਂ ਨੂੰ ਬਚਾਉਣ ਲਈ ਪੂਰੀ ਚੌਕਸੀ ਵਰਤੀ ਗਈ। ਅਪ੍ਰੇਸ਼ਨ ਵਿੱਚ ਜਾਨੀ ਨੁਕਸਾਨ ਦੇ ਅੰਕੜੇ ਪਹਿਲੀ ਵਾਰ ਵਿਰੋਧੀ ਧਿਰ ਨਾਲ ਰਸਮੀ ਤੌਰ ’ਤੇ ਸਾਂਝੇ ਕੀਤੇ ਗਏ। ਕਾਂਗਰਸ ਤੇ ਹੋਰਨਾਂ ਪਾਰਟੀਆਂ ਨੇ ਸਰਕਾਰ ਅਤੇ ਭਾਰਤ ਦੀ ਜਵਾਬੀ ਕਾਰਵਾਈ ਦੀ ਖੁੱਲ੍ਹ ਕੇ ਹਮਾਇਤ ਕੀਤੀ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ, ‘ਸੰਕਟ ਦੀ ਇਸ ਘੜੀ ਵਿਚ ਅਸੀਂ ਸਰਕਾਰ ਦੇ ਨਾਲ ਹਾਂ। ਉਨ੍ਹਾਂ ਜੋ ਵੀ ਕਿਹਾ, ਅਸੀਂ ਸੁਣਿਆ। ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਵਿੱਚ ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਮਾਮਲੇ ਗੁਪਤ ਹਨ ਅਤੇ ਅਸੀਂ ਸਭ ਕੁਝ ਨਹੀਂ ਦੱਸ ਸਕਦੇ। ਅਸੀਂ ਸਾਰਿਆਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਅਸੀਂ ਸਾਰੇ ਤੁਹਾਡੇ ਨਾਲ ਹਾਂ ਅਤੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਉਸ ਨੂੰ ਜਾਰੀ ਰੱਖੋ ਅਤੇ ਅਸੀਂ ਦੇਸ਼ ਹਿੱਤ ਵਿੱਚ ਤੁਹਾਡੇ ਨਾਲ ਰਹਾਂਗੇ।’
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ ਦਾ ਪੂਰਾ ਸਮਰਥਨ ਕੀਤਾ। ਸੰਸਦ ਭਵਨ ਕੰਪਲੈਕਸ ਵਿੱਚ ਮੀਟਿੰਗ ਤੋਂ ਬਾਅਦ ਉਨ੍ਹਾ ਕਿਹਾ, ‘ਅਸੀਂ ਆਪਣਾ ਪੂਰਾ ਸਮਰਥਨ ਦਿੱਤਾ। ਕੁਝ ਗੱਲਾਂ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਸਾਰਿਆਂ ਨੇ ਸਰਕਾਰ ਦਾ ਸਮਰਥਨ ਕੀਤਾ।’ ਏ ਆਈ ਐੱਮ ਆਈ ਐੱਮ ਮੁਖੀ ਐੱਮ ਐੱਮ ਓਵੈਸੀ ਨੇ ਫੌਜ ਅਤੇ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ, ‘ਮੈਂ ਇਹ ਵੀ ਸੁਝਾਅ ਦਿੱਤਾ ਕਿ ਸਾਨੂੰ ਦਿ ਰਜ਼ਿਸਟੈਂਸ ਫਰੰਟ (ਟੀ ਆਰ ਐੱਫ) ਵਿਰੁੱਧ ਇੱਕ ਵਿਸ਼ਵਵਿਆਪੀ ਮੁਹਿੰਮ ਚਲਾਉਣੀ ਚਾਹੀਦੀ ਹੈ। ਮੈਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੀ ਆਰ ਐੱਫ ਨੂੰ ਇੱਕ ਦਹਿਸ਼ਤੀ ਸੰਗਠਨ ਵਜੋਂ ਨਾਮਜ਼ਦ ਕਰਨ ਸੰਬੰਧੀ ਅਮਰੀਕਾ ਨੂੰ ਬੇਨਤੀ ਕਰੇ।’
ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਮੁੜ ਰਾਜਨਾਥ ਸਿੰਘ ਨੇ ਕੀਤੀ। ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਇੱਥੇ ਨਹੀਂ ਹਨ, ਉਨ੍ਹਾ ਨੂੰ ਸ਼ਾਇਦ ਲੱਗਦਾ ਹੈ ਕਿ ਉਹ ਸੰਸਦ ਤੋਂ ਉੱਪਰ ਹਨ। ਸਮਾਂ ਆਉਣ ’ਤੇ ਅਸੀਂ ਇਹ ਸਵਾਲ ਪੁੱਛਾਂਗੇ। ਸੰਕਟ ਦੇ ਇਸ ਸਮੇਂ ਅਸੀਂ ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦੇ।’ ਮੀਟਿੰਗ ’ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਐੱਸ ਜੈਸ਼ੰਕਰ, ਜੇ ਪੀ ਨੱਡਾ ਅਤੇ ਨਿਰਮਲਾ ਸੀਤਾਰਮਨ ਨੇ ਸਰਕਾਰ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਮਲਿਕਾਰੁਜਨ ਖੜਗੇ, ਤਿ੍ਰਣਮੂਲ ਕਾਂਗਰਸ ਦੇ ਸੰਦੀਪ ਬੰਦੋਪਾਧਿਆਏ ਅਤੇ ਡੀ ਐੱਮ ਕੇ ਦੇ ਟੀ ਆਰ ਬਾਲੂ ਮੀਟਿੰਗ ਵਿੱਚ ਪ੍ਰਮੁੱਖ ਵਿਰੋਧੀ ਹਸਤੀਆਂ ਵਿੱਚੋਂ ਸਨ।




