ਵੇਰਕਾ (ਰਾਣਾ)-ਕਸਬਾ ਵੇਰਕਾ ਦੇ ਨਜ਼ਦੀਕ ਪੈਂਦੇ ਪਿੰਡ ਜੇਠੂਵਾਲ ਵਿਖੇ ਬੁੱਧਵਾਰ ਰਾਤ ਤਕਰੀਬਨ 1:30 ਵਜੇ ਖੇਤਾਂ ਵਿੱਚ ਮਿਜ਼ਾਈਲ ਡਿੱਗੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਲੋਕ ਡਰ ਗਏ।ਸਵੇਰ ਦੇ ਸਮੇਂ ਹੀ ਲੋਕਾਂ ਨੇ ਡਿੱਗੀ ਮਿਜ਼ਾਈਲ ਵੇਖੀ।ਇਸ ਦੌਰਾਨ ਪਿੰਡ ਵਿੱਚ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ। ਖਬਰ ਮਿਲਦੇ ਸਾਰ ਹੀ ਸਤਨਾਮ ਸਿੰਘ ਐੱਸ ਐੱਚ ਓ ਪੁਲਸ ਥਾਣਾ ਕੰਬੋਅ ਸਮੇਤ ਜਸਵਿੰਦਰ ਸਿੰਘ ਚੌਕੀ ਇੰਚਾਰਜ ਸੋਹੀਆਂ ਖੁਰਦ ਨੇ ਮੌਕੇ ’ਤੇ ਪਹੁੰਚ ਕੇ ਮਿਜ਼ਾਈਲ ਦਾ ਖੋਲ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਹਵਾਈ ਸੈਨਾ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ।ਇਸੇ ਤਰ੍ਹਾਂ ਹੀ ਕਸਬਾ ਕੱਥੂਨੰਗਲ ਵਿਖੇ ਵੀ ਮਿਜ਼ਾਈਲ ਡਿੱਗਣ ਬਾਬਤ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਪਹੁੰਚਿਆ। ਉਕਤ ਡਿੱਗੀਆਂ ਮਿਜ਼ਾਈਲਾਂ ਦੇ ਖੋਲ ਵੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਰਿਹਾ।





