ਬਾਰ੍ਹਵੀਂ ਤੇ ਦਸਵੀਂ ’ਚ ਕੁੜੀਆਂ ਦੀ ਮੁੜ ਝੰਡੀ

0
35

ਨਵੀਂ ਦਿੱਲੀ : ਸੀ ਬੀ ਐੱਸ ਈ ਨੇ ਮੰਗਲਵਾਰ 12ਵੀਂ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਦੋਵਾਂ ਜਮਾਤਾਂ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਇਸ ਸਾਲ ਮੁੜ ਬਾਜ਼ੀ ਮਾਰੀ ਹੈ। ਬਾਰ੍ਹਵੀਂ ਦੀ ਪ੍ਰੀਖਿਆ ਵਿਚ ਕੁੜੀਆਂ ਨੇ ਐਤਕੀਂ ਮੁੰਡਿਆਂ ਨਾਲੋਂ ਪੰਜ ਫੀਸਦੀ ਵੱਧ ਅੰਕ ਲਏ ਹਨ। ਐਤਕੀਂ ਪਾਸ ਫੀਸਦ 88.39 ਰਹੀ, ਜੋ ਪਿਛਲੇ ਸਾਲ ਦੀ 87.98 ਫੀਸਦ ਨਾਲੋਂ ਥੋੜ੍ਹੀ ਵੱਧ ਹੈ। ਕੁੜੀਆਂ ਦੀ ਪਾਸ ਫੀਸਦ 91.64, ਜਦੋਂਕਿ ਮੁੰਡਿਆਂ ਦੀ 85.70 ਫੀਸਦ ਰਹੀ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ 100 ਪ੍ਰਤੀਸ਼ਤ ਰਹੀ, ਜੋ ਪਿਛਲੇ ਸਾਲ 50 ਫੀਸਦ ਸੀ। ਇਸ ਸਾਲ 1,11,544 ਉਮੀਦਵਾਰਾਂ ਨੇ 90 ਫੀਸਦ ਤੋਂ ਵੱਧ ਨੰਬਰ ਲਏ ਹਨ, ਜਦੋਂਕਿ 95 ਫੀਸਦ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24,867 ਹੈ। 1.29 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਕੁੱਲ 16,92,794 ਉਮੀਦਵਾਰ ਬੈਠੇ ਸਨ। 93 ਫੀਸਦ ਤੋਂ ਵੱਧ ਵਿਦਿਆਰਥੀ 10ਵੀਂ ਦੀ ਬੋਰਡ ਪ੍ਰੀਖਿਆ ਪਾਸ ਕਰਨ ਵਿਚ ਸਫਲ ਰਹੇ ਹਨ, ਜਦੋਂਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਇਕ ਵਾਰ ਫਿਰ ਮੋਹਰੀ ਰਹੀਆਂ ਹਨ। ਇਸ ਸਾਲ ਪਾਸ ਫੀਸਦ 93.66 ਫੀਸਦ ਰਹੀ, ਜੋ ਪਿਛਲੇ ਸਾਲ ਦੀ ਪਾਸ ਫੀਸਦ 93.60 ਨਾਲੋਂ ਮਾਮੂਲੀ ਜਿਹੀ ਵੱਧ ਹੈ। ਕੁੜੀਆਂ ਤੇ ਮੁੰਡਿਆਂ ਦੀ ਪਾਸ ਫੀਸਦ ਕ੍ਰਮਵਾਰ 95 ਤੇ 92.63 ਫੀਸਦ ਹੈ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ ਪਿਛਲੇ ਸਾਲ ਦੇ 91.30 ਫੀਸਦ ਦੇ ਮੁਕਾਬਲੇ 95 ਫੀਸਦ ਹੈ। 90 ਫੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 1.99 ਲੱਖ ਤੋਂ ਵੱਧ ਹੈ ਜਦੋਂਕਿ 45,516 ਉਮੀਦਵਾਰਾਂ ਨੇ 95 ਫੀਸਦ ਤੋਂ ਵੱਧ ਨੰਬਰ ਲਏ ਹਨ। ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਨ੍ਹਾਂ ਦੀ ਗਿਣਤੀ 1.41 ਲੱਖ ਤੋਂ ਵੱਧ ਹੈ। ਇਸ ਸਾਲ ਕੁੱਲ 23,71,939 ਉਮੀਦਵਾਰਾਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ।