ਸੂਡਾਨੀ ਵਿਦਿਆਰਥੀ ਦੀ ਹੱਤਿਆ, 6 ਗਿ੍ਰਫਤਾਰ

0
89

ਫਗਵਾੜਾ : ਵੀਰਵਾਰ ਤੜਕੇ ਫਗਵਾੜਾ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਨੇੜੇ ਹੋਏ ਹਿੰਸਕ ਝਗੜੇ ’ਚ 25 ਸਾਲਾ ਸੂਡਾਨੀ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇੱਕ ਹੋਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ।
ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਤੇਜ਼ੀ ਨਾਲ ਕਾਰਵਾਈ ਕਰਦਿਆਂ ਐੱਸ ਪੀ ਰੁਪਿੰਦਰ ਭੱਟੀ ਅਤੇ ਐੱਸ ਪੀ (ਜਾਂਚ) ਦੀ ਅਗਵਾਈ ਹੇਠ ਫਗਵਾੜਾ ਪੁਲਸ ਦੀ ਟੀਮ ਨੇ ਪੰਜ ਘੰਟਿਆਂ ਬਾਅਦ ਹੀ ਸਾਰੇ ਛੇ ਮੁਲਜ਼ਮਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਗਿ੍ਰਫਤਾਰ ਕਰ ਲਿਆ। ਉਨ੍ਹਾ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਤੋਂ ਪਹਿਲਾਂ ਲਾਅ ਗੇਟ ਨੇੜੇ ਗ੍ਰੀਨ ਵੈਲੀ ਇਲਾਕੇ ਵਿੱਚ ਵਾਪਰੀ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸ ਕਰਕੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਲਈ ਰਿਹਾਇਸ਼ੀ ਕੇਂਦਰ ਹੈ। ਜ਼ਖਮੀ ਵਿਦਿਆਰਥੀ ਅਹਿਮਦ ਮੁਹੰਮਦ ਨੂਰ ਅਹਿਮਦ ਹੁਸੈਨ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਹ ਅਤੇ ਮੁਹੰਮਦ ਵਾਦਾ ਬਾਲਾ ਯੂਸਫ ਅਹਿਮਦ ਦੋ ਸੂਡਾਨੀ ਵਿਦਿਆਰਥਣਾਂ ਦੇ ਨਾਲ ਸਵੇਰ ਦੀ ਨਮਾਜ਼ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਮੁੰਡਿਆਂ ਦੇ ਗਰੁੱਪ ਨੇ ਰੋਕਿਆ। ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇਸ ਗਰੁੱਪ ਨੇ ਵਿਦਿਆਰਥਣਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਫੋਨ ਨੰਬਰ ਮੰਗੇ। ਪ੍ਰੇਸ਼ਾਨ ਕਰਨ ਤੋਂ ਰੋਕੇ ਜਾਣ ਤੇ ਉਹ ਹਿੰਸਕ ਹੋ ਗਏ। ਦੋ ਹਮਲਾਵਰ ਚਾਕੂਆਂ ਨਾਲ ਲੈਸ ਸਨ ਅਤੇ ਦੋਹਾਂ ਦੀ ਛਾਤੀ ਵਿੱਚ ਚਾਕੂ ਮਾਰ ਕੇ ਭੱਜ ਗਏ।
ਸਥਾਨਕ ਨਿਵਾਸੀ ਪ੍ਰਭਾਤ ਦੂਬੇ ਨੇ ਜ਼ਖਮੀਆਂ ਨੂੰ ਜਲੰਧਰ ਛਾਉਣੀ ਦੇ ਜੌਹਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁਹੰਮਦ ਵਾਡਾ ਨੂੰ ਮਿ੍ਰਤਕ ਐਲਾਨ ਦਿੱਤਾ, ਜਦੋਂ ਕਿ ਅਹਿਮਦ ਨੂੰ ਗੰਭੀਰ ਹਾਲਤ ਵਿੱਚ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜ਼ਖਮੀ ਅਹਿਮਦ ਨੇ ਪੁਲਸ ਨੂੰ ਛੇ ਕਥਿਤ ਹਮਲਾਵਰਾਂ ਦੇ ਨਾਂਅ ਵੀ ਦੱਸੇ, ਜਿਨ੍ਹਾਂ ’ਚ ਕਰਨਾਟਕ ਦੇ ਚਿਕਮੰਗਲੁਰੂ ਤੋਂ ਅਬਦੁਲ ਅਹਦ ਅਤੇ ਯੂ ਪੀ ਤੇ ਬਿਹਾਰ ਤੋਂ ਕੁਵਰ ਅਮਰ ਪ੍ਰਤਾਪ ਸਿੰਘ, ਆਦਿਤਿਆ ਗਰਗ, ਮੁਹੰਮਦ ਸ਼ੋਇਬ, ਸੁਸ਼ਾਂਕ ਉਰਫ ਸ਼ੈਗੀ ਅਤੇ ਯਸ਼ ਵਰਧਨ ਰਾਜਪੂਤ ਸ਼ਾਮਲ ਹਨ ਅਤੇ ਫਗਵਾੜਾ ’ਚ ਪੇਇੰਗ ਗੈਸਟ ਵਜੋਂ ਰਹਿ ਰਹੇ ਸਨ।