ਮੱਧ ਪ੍ਰਦੇਸ਼ ਦੇ ਮੰਤਰੀ ਨੂੰ ਚੀਫ ਜਸਟਿਸ ਨੇ ਵੀ ਝਾੜਿਆ

0
128

ਨਵੀਂ ਦਿੱਲੀ : ਕਰਨਲ ਸੋਫੀਆ ਕੁਰੈਸ਼ੀ ਬਾਰੇ ਵਿਵਾਦਪੂਰਨ ਟਿੱਪਣੀ ਕਰਨ ’ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ’ਤੇ ਦਰਜ ਹੋਈ ਐੱਫ ਆਈ ਆਰ ਖਿਲਾਫ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਵੀਰਵਾਰ ਸੁਪਰੀਮ ਕੋਰਟ ਪੁੱਜੇ, ਪਰ ਉਨ੍ਹਾ ਨੂੰ ਰਾਹਤ ਨਹੀਂ ਮਿਲੀ। ਚੀਫ ਜਸਟਿਸ ਬੀ ਆਰ ਗਵਈ ਨੇ ਐੱਫ ਆਈ ਆਰ ’ਤੇ ਰੋਕ ਲਾਉਣ ਦੀ ਮੰਗ ਪ੍ਰਵਾਨ ਨਾ ਕਰਦਿਆਂ ਸੁਣਵਾਈ ਸ਼ੁੱਕਰਵਾਰ ’ਤੇ ਟਾਲਦਿਆਂ ਮੰਤਰੀ ਨੂੰ ਝਾੜ ਵੀ ਪਾਈ। ਚੀਫ ਜਸਟਿਸ ਨੇ ਕਿਹਾ, ‘ਤੁਸੀਂ ਕਿਸ ਤਰ੍ਹਾਂ ਦਾ ਬਿਆਨ ਦੇ ਰਹੇ ਹੋ? ਤੁਸੀਂ ਮੰਤਰੀ ਹੋ। ਮੰਤਰੀ ਹੋ ਕੇ ਕਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਰਹੇ ਹੋ? ਕੀ ਇਹ ਮੰਤਰੀ ਨੂੰ ਸ਼ੋਭਾ ਦਿੰਦਾ ਹੈ? ਸੰਵਿਧਾਨਕ ਅਹੁਦੇ ’ਤੇ ਬੈਠੇ ਸ਼ਖਸ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਦੋਂ ਦੇਸ਼ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘ ਰਿਹਾ ਹੈ, ਤਦ ਜ਼ਿੰਮੇਵਾਰੀ ਵਾਲੇ ਅਹੁਦੇ ’ਤੇ ਬੈਠੇ ਸ਼ਖਸ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।’
ਉਧਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਅਤੁਲ ਸ੍ਰੀਧਰਨ ਤੇ ਜਸਟਿਸ ਅਨੁਰਾਧਾ ਮਲਿਕ ਦੀ ਬੈਂਚ ਨੇ ਮੰਤਰੀ ਖਿਲਾਫ ਦਰਜ ਐੱਫ ਆਈ ਆਰ ’ਤੇ ਮੱਧ ਪ੍ਰਦੇਸ਼ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਸ਼ਾਹ ਵੱਲੋਂ 12 ਮਈ ਨੂੰ ਦਿੱਤੀ ਤਕਰੀਰ ਨੂੰ ਇਸ ਦਾ ਹਿੱਸਾ ਕਿਉ ਨਹੀਂ ਬਣਾਇਆ ਗਿਆ। ਬੈਂਚ ਨੇ ਕਿਹਾ ਕਿ ਉਹ ਪੁਲਸ ਜਾਂਚ ਦੀ ਨਿਗਰਾਨੀ ਕਰੇਗੀ। ਬੈਂਚ ਨੇ ਕਿਹਾ ਕਿ ਐੱਫ ਆਈ ਆਰ ਦੀ ਭਾਸ਼ਾ ਇਸ ਤਰ੍ਹਾਂ ਦੀ ਹੈ ਕਿ ਕੋਰਟ ਵਿੱਚ ਟਿਕ ਨਹੀਂ ਸਕਦੀ।
ਮੰਤਰੀ ਨੇ ਇੰਦੌਰ ਦੇ ਮਹੂ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀਜਿਨ੍ਹਾਂ ਨੇ ਸਾਡੀਆਂ ਧੀਆਂ ਦੇ ਸਿੰਧੂਰ ਉਜਾੜੇ, ਉਨ੍ਹਾਂ ਲੋਕਾਂ ਦੀ ਅਸੀਂ ਉਨ੍ਹਾਂ ਦੀ ਭੈਣ ਨੂੰ ਭੇਜ ਕੇ ਐਸੀ-ਤੈਸੀ ਕਰਵਾਈ। ਉਨ੍ਹਾਂ ਕੱਪੜੇ ਉਤਾਰ ਕੇ ਸਾਡੇ ਹਿੰਦੂਆਂ ਨੂੰ ਮਾਰਿਆ, ਮੋਦੀ ਜੀ ਨੇ ਉਨ੍ਹਾਂ ਦੀ ਭੈਣ ਨੂੰ ਉਨ੍ਹਾਂ ਦੀ ਐਸੀ-ਤੈਸੀ ਕਰਨ ਲਈ ਉਨ੍ਹਾਂ ਦੇ ਘਰ ਭੇਜਿਆ।
ਕਰਨਲ ਕੁਰੈਸ਼ੀ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਕੀਤੇ ਗਏ ‘ਅਪ੍ਰੇਸ਼ਨ ਸਿੰਧੂਰ’ ਦਾ ਵੇਰਵਾ ਮੀਡੀਆ ਕਾਨਫਰੰਸ ਦੌਰਾਨ ਸਾਂਝਾ ਕੀਤਾ ਸੀ, ਜਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸ਼ਾਹ ਵੀ ਸ਼ਾਮਲ ਹੋਏ ਸਨ।