ਟਰੰਪ ਦੀ ਐੱਪਲ ਨੂੰ ਭਾਰਤ ’ਚ ਕੰਮ ਨਾ ਵਧਾਉਣ ਦੀ ਮੱਤ

0
142

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਪਲ ਦੇ ਸੀ ਈ ਓ ਟਿਮ ਕੁੱਕ ਨੂੰ ਕਿਹਾ ਹੈ ਕਿ ਉਸ ਨੂੰ ਭਾਰਤ ਵਿੱਚ ਫੈਕਟਰੀਆਂ ਲਾਉਣ ਦੀ ਲੋੜ ਨਹੀਂ। ਉਹ ਨਹੀਂ ਚਾਹੁੰਦੇ ਕਿ ਐੱਪਲ ਦੇ ਪ੍ਰੋਡਕਟ ਭਾਰਤ ਵਿੱਚ ਬਣਨ। ਇੰਡੀਆ ਆਪਣਾ ਖਿਆਲ ਖੁਦ ਰੱਖ ਸਕਦਾ ਹੈ। ਕੁੱਕ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਟਰੰਪ ਨੇ ਵੀਰਵਾਰ ਕਤਰ ਦੀ ਰਾਜਧਾਨੀ ਦੋਹਾ ਵਿੱਚ ਬਿਜ਼ਨਸ ਲੀਡਰਾਂ ਨਾਲ ਇੱਕ ਪ੍ਰੋਗਰਾਮ ਵਿੱਚ ਦਿੱਤੀ। ਟਰੰਪ ਨੇ ਕਿਹਾ ਕਿ ਐੱਪਲ ਨੂੰ ਹੁਣ ਅਮਰੀਕਾ ਵਿੱਚ ਉਤਪਾਦਨ ਵਧਾਉਣਾ ਪਵੇਗਾ। ਟਰੰਪ ਨੇ ਕਿਹਾ, ‘ਮੈਨੂੰ ਕੱਲ੍ਹ ਟਿਮ ਕੁੱਕ ਨਾਲ ਥੋੜ੍ਹੀ ਪ੍ਰੇਸ਼ਾਨੀ ਹੋਈ। ਮੈਂ ਉਸ ਨੂੰ ਕਿਹਾ, ਟਿਮ, ਤੂੰ ਮੇਰਾ ਦੋਸਤ ਏਂ, ਮੈਂ ਤੇਰੇ ਨਾਲ ਬਹੁਤ ਚੰਗਾ ਸਲੂਕ ਕੀਤਾ, ਤੂੰ 500 ਅਰਬ ਡਾਲਰ ਲੈ ਕੇ ਆ ਰਿਹਾ ਏਂ, ਪਰ ਮੈਂ ਹੁਣ ਸੁਣ ਰਿਹਾ ਹਾਂ ਕਿ ਤੂੰ ਪੂਰੇ ਭਾਰਤ ਵਿੱਚ ਫੈਕਟਰੀਆਂ ਲਾ ਰਿਹਾ ਏਂ। ਮੈਂ ਨਹੀਂ ਚਾਹੁੰਦਾ ਕਿ ਤੂੰ ਭਾਰਤ ਵਿੱਚ ਪ੍ਰੋਡਕਸ਼ਨ ਕਰੇਂ। ਜੇ ਤੂੰ ਭਾਰਤ ਦਾ ਖਿਆਲ ਰੱਖਣਾ ਚਾਹੁੰਦਾਂ ਏਂ ਤਾਂ ਤੂੰ ਭਾਰਤ ਵਿੱਚ ਪ੍ਰੋਡਕਸ਼ਨ ਕਰ ਸਕਦਾ ਏਂ, ਕਿਉਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਵੇਚਣਾ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਇੱਕ ਡੀਲ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੇ ਤਹਿਤ ਉਹ ਸਾਥੋਂ ਕੋਈ ਟੈਰਿਫ ਨਹੀਂ ਵਸੂਲਣ ਲਈ ਤਿਆਰ ਹਨ। ਮੈਂ ਟਿਮ ਨੂੰ ਕਿਹਾ, ਟਿਮ, ਦੇਖ, ਅਸੀਂ ਤੇਰੇ ਨਾਲ ਬਹੁਤ ਚੰਗਾ ਸਲੂਕ ਕੀਤਾ ਹੈ, ਅਸੀਂ ਵਰ੍ਹਿਆਂ ਤੱਕ ਚੀਨ ਵਿੱਚ ਤੇਰੇ ਵੱਲੋਂ ਲਾਏ ਗਏ ਸਾਰੇ ਪਲਾਂਟਾਂ ਨੂੰ ਸਹਿਣ ਕੀਤਾ, ਹੁਣ ਤੈਨੂੰ ਅਮਰੀਕਾ ਵਿੱਚ ਪ੍ਰੋਡਕਸ਼ਨ ਕਰਨੀ ਪਵੇਗੀ, ਅਸੀਂ ਨਹੀਂ ਚਾਹੁੰਦੇ ਕਿ ਤੂੰ ਭਾਰਤ ਵਿੱਚ ਪ੍ਰੋਡਕਸ਼ਨ ਕਰੇਂ। ਇੰਡੀਆ ਆਪਣਾ ਖਿਆਲ ਖੁਦ ਰੱਖ ਸਕਦਾ ਹੈ।’ ਐੱਪਲ ਦੇ ਸੀ ਈ ਓ ਟਿਮ ਕੁੱਕ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮਰੀਕੀ ਬਾਜ਼ਾਰ ਵਿੱਚ ਵਿਕਣ ਵਾਲੇ 50 ਫੀਸਦੀ ਆਈ ਫੋਨ ਭਾਰਤ ਵਿੱਚ ਬਣ ਰਹੇ ਹਨ। ਏਅਰਪੌਡ, ਐੱਪਲ ਵਾਚ ਵਰਗੇ ਹੋਰ ਪ੍ਰੋਡਕਟ ਜ਼ਿਆਦਾਤਰ ਵੀਅਤਨਾਮ ਵਿੱਚ ਬਣਾਏ ਜਾ ਰਹੇ ਹਨ।