ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਵਿੱਚ ਪਹਿਲਗਾਮ ਦੇ ਬਹੁਤ ਹੀ ਮੰਦਭਾਗੇ ਅਤੰਕੀ ਹਮਲੇ ਵਿੱਚ 26 ਸੈਲਾਨੀਆਂ ਦੇ ਕਤਲੇਆਮ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਸੀ। ਇਸ ਘਟਨਾ ਪਿੱਛੇ ਪਾਕਿਸਤਾਨ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਦੀ ਸਾਜ਼ਿਸ਼ ਹੋਣ ਦੀ ਚਰਚਾ ਵਿਆਪਕ ਸੀ। ਪਾਕਿਸਤਾਨ ਦੀ ਸਰਕਾਰ ਨੇ ਵੀ ਕੋਈ ਸਹਿਯੋਗ ਅਤੇ ਸਪੱਸ਼ਟੀਕਰਨ ਨਹੀਂ ਸੀ ਦਿੱਤਾ। ਨਤੀਜੇ ਵਜੋਂ ਪਾਕਿਸਤਾਨ ਤੇ ਭਾਰਤ ਦਰਮਿਆਨ ਯੁੱਧ ਦੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ। ਭਾਰਤ ਭਰ ਵਿੱਚ ਹਰ ਵਿਅਕਤੀ ਦੀ ਜ਼ਬਾਨ ’ਤੇ ਇਸ ਘਿਨਾਉਣੇ ਵਾਕਿਆ ਦੀ ਅਤੇ ਯੁੱਧ ਦੀ ਚਰਚਾ ਜ਼ੋਰਾਂ ’ਤੇ ਸੀ। ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ।ਬਦਲੇ ਵਿੱਚ ਪਾਕਿਸਤਾਨ ਨੇ ਵੀ ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਦੋਵੇਂ ਪਾਸੇ ਵੱਧ ਜਾਂ ਘੱਟ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਬਾਰਡਰ ਏਰੀਏ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਹਿਜਰਤ ਕਰਨੀ ਪਈ। ਭਾਵੇਂ ਜੰਗਬੰਦੀ ਭਾਵ ਸੀਜ਼ ਫਾਇਰ ਹੋ ਗਿਆ, ਪਰ ਅਜੇ ਵੀ ਕਈ ਕਿਸਮ ਦੇ ਪਏ ਪ੍ਰਭਾਵਾਂ ਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਨੀਵਾਂ ਵਿਖਾਉਣ ਵਰਗੀਆਂ ਬੇਥਵੀਆਂ ਟਿੱਪਣੀਆਂ ਆਦਿ ਦੀ ਚਰਚਾ ਹਰ ਦਿਨ ਚੱਲ ਰਹੀ ਹੈ। ਅਜਿਹੇ ਹਾਲਾਤ ਵਿੱਚ ਸਮੁੱਚੇ ਦੇਸ਼ ਵਾਸੀਆਂ ਦਾ ਧਿਆਨ ਇਸ ਪਾਸੇ ਜ਼ਿਆਦਾ ਕੇਂਦਰਤ ਹੋਇਆ ਚਲਿਆ ਆ ਰਿਹਾ ਹੈ। ਭਾਰਤ ਦੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਤੇ ਸੁਤੰਤਰ ਫੈਡਰੇਸ਼ਨਾਂ ਵੱਲੋਂ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼-ਵਿਆਪੀ ਹੜਤਾਲ ਦੀ ਸਰਗਰਮੀ ਵਿੱਚ ਕਾਫੀ ਵਿਘਨ ਪਿਆ, ਜਿਸ ਕਰਕੇ ਸਮੁੱਚੇ ਹਾਲਾਤ ਦਾ ਜਾਇਜਾ ਲੈਣ ਲਈ ਟਰੇਡ ਯੂਨੀਅਨਾਂ ਦੀ ਕੇਂਦਰੀ ਲੀਡਰਸ਼ਿਪ ਨੇ 15 ਮਈ ਨੂੰ ਮੀਟਿੰਗ ਕਰਕੇ ਜਾਇਜ਼ਾ ਲਿਆ ਅਤੇ ਇਸ ਹੜਤਾਲ ਨੂੰ 9 ਜੁਲਾਈ ’ਤੇ ਅੱਗੇ ਪਾ ਦਿੱਤਾ ਗਿਆ, ਪਰ ਨਾਲ ਹੀ ਅਪੀਲ ਕੀਤੀ ਕਿ ਇਸ ਦਿਨ 20 ਮਈ ਨੂੰ ਟਰੇਡ ਯੂਨੀਅਨਾਂ ਵੱਲੋਂ ਏਕਤਾਬੱਧ ਤਰੀਕੇ ਨਾਲ ਹਰ ਸੰਭਵ ਥਾਂ ’ਤੇ ਰੈਲੀਆਂ, ਮੁਜ਼ਾਹਰੇ, ਧਰਨੇ ਆਦਿ ਦਿੱਤੇ ਜਾਣ ਅਤੇ 9 ਜੁਲਾਈ ਦੀ ਹੜਤਾਲ ਦੀਆਂ ਤਿਆਰੀਆਂ ਦਾ ਸੱਦਾ ਦਿੱਤਾ ਜਾਵੇ।




