ਵਾਸ਼ਿੰਗਟਨ : ਤਕਨਾਲੋਜੀ ਖੇਤਰ ਦੀ ਵਿਸ਼ਾਲ ਕੰਪਨੀ ‘ਮਾਈਕਰੋਸਾਫਟ’ ਨੇ ਮੰਨਿਆ ਹੈ ਕਿ ਉਸ ਨੇ ਗਾਜ਼ਾ ਵਿਚ ਚੱਲ ਰਹੀ ਜੰਗ ਦੌਰਾਨ ਇਜ਼ਰਾਈਲੀ ਫੌਜ ਨੂੰ ਉੱਨਤ ਮਸਨੂਈ ਬੌਧਿਕਤਾ (ਏ ਆਈ) ਅਤੇ ‘ਕਲਾਊਡ ਕੰਪਿਊਟਿੰਗ’ ਸੇਵਾਵਾਂ ਵੇਚੀਆਂ ਹਨ। ਇਹ ਸੇਵਾਵਾਂ ਇਜ਼ਰਾਈਲੀ ਬੰਦੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਦਦਗਾਰ ਸਾਬਤ ਹੋਈਆਂ। ਹਾਲਾਂਕਿ, ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੂੰ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਉਸ ਦੇ ਅਜ਼ੂਰ ਪਲੇਟਫਾਰਮ ਜਾਂ ਏ ਆਈ ਤਕਨੀਕਾਂ ਦੀ ਵਰਤੋਂ ਗਾਜ਼ਾ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਹੋਵੇ। ਮਾਈਕ੍ਰੋਸਾਫਟ ਨੇ ਆਪਣੀ ਕਾਰਪੋਰੇਟ ਵੈੱਬਸਾਈਟ ’ਤੇ ਪ੍ਰਕਾਸ਼ਤ ਇਕ ‘ਬਲੌਗ ਪੋਸਟ’ ਵਿੱਚ ਉਪਰੋਕਤ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ ਇਸ ਪੋਸਟ ਹੇਠਾਂ ਕਿਸੇ ਵਿਅਕਤੀ ਦੇ ਦਸਤਖਤ ਨਹੀਂ ਹਨ, ਪਰ ਕੰਪਨੀ ਨੇ ਜੰਗ ਵਿੱਚ ਆਪਣੀ ਸ਼ਮੂਲੀਅਤ ਨੂੰ ਜਨਤਕ ਤੌਰ ’ਤੇ ਪਹਿਲੀ ਵਾਰ ਸਵੀਕਾਰ ਕੀਤਾ ਹੈ।
ਖਬਰ ਏਜੰਸੀ ‘ਐਸੋਸੀਏਟਡ ਪ੍ਰੈੱਸ’ (ਏ ਪੀ) ਵੱਲੋਂ ਤਿੰਨ ਮਹੀਨੇ ਪਹਿਲਾਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਅਮਰੀਕੀ ਕੰਪਨੀ ‘ਮਾਈਕਰੋਸਾਫਟ’ ਦੀ ਇਜ਼ਰਾਈਲੀ ਰੱਖਿਆ ਮੰਤਰਾਲੇ ਨਾਲ ਗੂੜ੍ਹੀ ਸਾਂਝ ਹੈ ਅਤੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਵਪਾਰਕ ਏ ਆਈ ਉਤਪਾਦਾਂ ਦੀ ਫੌਜੀ ਵਰਤੋਂ ਕਰੀਬ 200 ਗੁਣਾਂ ਵਧੀ ਸੀ।
ਖਬਰ ਏਜੰਸੀ ਨੇ ਦੱਸਿਆ ਸੀ ਕਿ ਇਜ਼ਰਾਈਲੀ ਫੌਜ ਉੱਚ ਪੱਧਰੀ ਨਿਗਰਾਨੀ ਰਾਹੀਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਨੂੰ ਲਿਖਣ ਅਤੇ ਅਨੁਵਾਦ ਕਰਨ ਲਈ ਅਜ਼ੂਰ ਪਲੇਟਫਾਰਮ ਦੀ ਵਰਤੋਂ ਕਰਦੀ ਹੈ। ਇਹ ਭਾਈਵਾਲੀ ਇਜ਼ਰਾਈਲ, ਯੂਕਰੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਫੌਜਾਂ ਨੂੰ ਮਸਨੂਈ ਬੌਧਿਕਤਾ (ਏ ਆਈ) ਉਤਪਾਦ ਵੇਚਣ ਲਈ ਤਕਨਾਲੋਜੀ ਕੰਪਨੀਆਂ ਦੇ ਵਧ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਉਧਰ, ਮਨੁੱਖੀ ਅਧਿਕਾਰ ਸੰਗਠਨਾਂ ਨੇ ਫਿਕਰ ਜਤਾਇਆ ਹੈ ਕਿ ਏ ਆਈ ਸਿਸਟਮ ਗਲਤ ਹੋ ਸਕਦੇ ਹਨ, ਪਰ ਇਨ੍ਹਾਂ ਦੀ ਵਰਤੋਂ ਇਹ ਫੈਸਲਾ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸ ਨੂੰ ਜਾਂ ਕਿਸ ਚੀਜ਼ ਨੂੰ ਨਿਸ਼ਾਨਾ ਬਣਾਇਆ ਜਾਵੇ, ਜਿਸ ਕਰਕੇ ਬੇਕਸੂਰ ਲੋਕਾਂ ਦੀ ਮੌਤ ਹੋ ਰਹੀ ਹੈ।
ਮਾਈਕਰੋਸਾਫਟ ਨੇ ਵੀਰਵਾਰ ਕਿਹਾ ਕਿ ਕਰਮਚਾਰੀਆਂ ਦੇ ਫਿਕਰਾਂ ਅਤੇ ਕਈ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਕੰਪਨੀ ਨੇ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਹੈ ਅਤੇ ਹੋਰ ਜਾਂਚ ਲਈ ਇੱਕ ਬਾਹਰੀ ਕੰਪਨੀ ਨਿਯੁਕਤ ਕੀਤੀ ਹੈ। ਹਾਲਾਂਕਿ ਕੰਪਨੀ ਵੱਲੋਂ ਬਿਆਨ ਵਿੱਚ ਇਸ ਬਾਹਰੀ ਕੰਪਨੀ ਦਾ ਨਾਂਅ ਨਹੀਂ ਦੱਸਿਆ ਗਿਆ ਅਤੇ ਨਾ ਹੀ ਰਿਪੋਰਟ ਦੀ ਕੋਈ ਕਾਪੀ ਦਿੱਤੀ ਗਈ ਹੈ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਇਜ਼ਰਾਈਲੀ ਫੌਜ ਨੂੰ ਸਾਫਟਵੇਅਰ, ਪੇਸ਼ੇਵਰ ਸੇਵਾਵਾਂ, ‘ਅਜ਼ੂਰ ਕਲਾਊਡ ਸਟੋਰੇਜ’ ਅਤੇ ਭਾਸ਼ਾ ਅਨੁਵਾਦ ਸਮੇਤ ਅਜ਼ੂਰ ਏ ਆਈ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਇਜ਼ਰਾਈਲੀ ਸਰਕਾਰ ਨਾਲ ਮਿਲ ਕੇ ਬਾਹਰੀ ਖਤਰਿਆਂ ਤੋਂ ‘ਸਾਈਬਰਸਪੇਸ’ ਦੀ ਰੱਖਿਆ ਕਰਨ ਲਈ ਕੰਮ ਕੀਤਾ। ਮਾਈਕਰੋਸਾਫਟ ਨੇ ਕਿਹਾ ਕਿ 7 ਅਕਤੂਬਰ 2023 ਨੂੰ ਹਮਾਸ ਵੱਲੋਂ ਬੰਦੀ ਬਣਾਏ ਗਏ 250 ਤੋਂ ਵੱਧ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਸ ਨੇ ਇਜ਼ਰਾਈਲ ਨੂੰ ਵਪਾਰਕ ਸਮਝੌਤਿਆਂ ਦੀਆਂ ਸ਼ਰਤਾਂ ਤੋਂ ਉੱਪਰ ਤਕਨੀਕ ਤੱਕ ਵਿਸ਼ੇਸ਼ ਪਹੁੰਚ ਅਤੇ ਸੀਮਤ ਹੰਗਾਮੀ ਸਹਾਇਤਾ ਵੀ ਦਿੱਤੀ।
ਕੰਪਨੀ ਨੇ ਕਿਹਾ, ‘ਸਾਡਾ ਵਿਸ਼ਵਾਸ ਹੈ ਕਿ ਅਸੀਂ ਆਪਣੇ ਸਿਧਾਂਤਾਂ ਦੀ ਸਾਵਧਾਨੀ ਅਤੇ ਸੋਚ-ਵਿਚਾਰ ਨਾਲ ਪਾਲਣਾ ਕੀਤੀ, ਤਾਂ ਜੋ ਬੰਦੀਆਂ ਦੀ ਜ਼ਿੰਦਗੀ ਬਚਾਈ ਜਾ ਸਕੇ ਅਤੇ ਨਾਲ ਹੀ ਗਾਜ਼ਾ ਵਿੱਚ ਆਮ ਨਾਗਰਿਕਾਂ ਦੀ ਨਿੱਜਤਾ ਅਤੇ ਹੋਰ ਅਧਿਕਾਰਾਂ ਦਾ ਆਦਰ ਕੀਤਾ ਜਾ ਸਕੇ।’ ਜ਼ਿਕਰਯੋਗ ਹੈ ਕਿ ਮਾਈਕਰੋਸਾਫਟ ਤੋਂ ਇਲਾਵਾ,ਇਜ਼ਰਾਈਲੀ ਫੌਜ ਨੇ ਗੂਗਲ, ਐਮੇਜ਼ੋਨ, ਪੈਲੈਂਟੀਅਰ ਅਤੇ ਹੋਰ ਕਈ ਪ੍ਰਮੁੱਖ ਅਮਰੀਕੀ ਟੈਕਨਾਲੋਜੀ ਕੰਪਨੀਆਂ ਨਾਲ ਕਲਾਊਡ ਜਾਂ ਏ ਆਈ ਸੇਵਾਵਾਂ ਲਈ ਵਿਸ਼ਾਲ ਸਮਝੌਤੇ ਕੀਤੇ ਹਨ।
ਮਾਈਕਰੋਸਾਫਟ ਨੇ ਕਿਹਾ ਕਿ ਇਜ਼ਰਾਈਲੀ ਫੌਜ ਹੋਰ ਗਾਹਕਾਂ ਵਾਂਗ ਕੰਪਨੀ ਦੀ ਮਨਜ਼ੂਰਸ਼ੁਦਾ ਵਰਤੋਂ ਨੀਤੀ ਅਤੇ ਏ ਆਈ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ, ਜੋ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲੀ ਉਤਪਾਦ ਵਰਤੋਂ ਨੂੰ ਕਾਨੂੰਨੀ ਤੌਰ ’ਤੇ ਰੋਕਦੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਇਜ਼ਰਾਈਲੀ ਫੌਜ ਨੇ ਇਹ ਸ਼ਰਤਾਂ ਤੋੜੀਆਂ ਹਨ।




