ਛੇ ਦਹਿਸ਼ਤਗਰਦ ਫੜਨ ਦਾ ਦਾਅਵਾ

0
144

ਬਟਾਲਾ : ਇੱਥੇ 17 ਮਈ ਨੂੰ ਸ਼ਰਾਬ ਦੇ ਇਕ ਠੇਕੇ ’ਤੇ ਗਰਨੇਡ ਹਮਲਾ ਕਰਨ ਦੇ ਮਾਮਲੇ ਵਿੱਚ ਬਟਾਲਾ ਪੁਲਸ ਨੇ ਪਾਕਿਸਤਾਨ ਦੀ ਏਜੰਸੀ ਆਈ ਐੱਸ ਆਈ ਸਮਰਥਤ ਦਹਿਸ਼ਤਗਰਦਾਂ ਦੇ ਨੈੱਟਵਰਕ ਦਾ ਪਰਦਾ ਫਾਸ਼ ਕਰਨ ਵਿੱਚ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਪਾਕਿਸਤਾਨ ’ਚ ਰਹਿੰਦੇ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਦੀਆਂ ਹਦਾਇਤਾਂ ’ਤੇ ਵਿਦੇਸ਼ੀ ਹੈਂਡਲਰਾਂ ਮਨਿੰਦਰ ਬਿੱਲਾ ਅਤੇ ਮਨੂੰ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਡਿਊਲ ਦਾ ਪਰਦਾ ਫਾਸ਼ ਕਰਕੇ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ।
ਪੁਲਸ ਨੇ ਮੁਲਜ਼ਮਾਂ ਦੀ ਪਛਾਣ ਜਤਿਨ ਕੁਮਾਰ ਉਰਫ ਰੋਹਨ, ਬਰਿੰਦਰ ਸਿੰਘ ਉਰਫ ਸਾਜਨ, ਰਾਹੁਲ ਮਸੀਹ, ਇਬਰਾਹੀਮ ਉਰਫ ਰੋਹਿਤ, ਸੋਹਿਤ ਅਤੇ ਸੁਨੀਲ ਕੁਮਾਰ ਵਜੋਂ ਸਾਂਝੀ ਕੀਤੀ ਹੈ। ਐੱਸ ਐੱਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਰਤਗਾਲ ਸਥਿਤ ਮਨਿੰਦਰ ਬਿੱਲਾ ਅਤੇ ਬੀ ਕੇ ਆਈ ਦੇ ਮਾਸਟਰਮਾਈਂਡ ਮਨੂੰ ਅਗਵਾਨ ਤੋਂ ਸਿੱਧੀਆਂ ਹਦਾਇਤਾਂ ਮਿਲ ਰਹੀਆਂ ਸਨ। ਪੁਲਸ ਅਨੁਸਾਰ ਹਾਲ ਹੀ ਵਿੱਚ ਅਮਰੀਕਾ ਵਿੱਚ ਹੈਪੀ ਪਾਸੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਗਰੁੱਪ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਮਨੂੰ ਅਗਵਾਨ ਨੇ ਸੰਭਾਲ ਲਈ ਹੈ।
ਉਨ੍ਹਾ ਦੱਸਿਆ ਕਿ ਠੇਕੇ ’ਤੇ ਹਮਲਾ ਕਰਨ ਵਾਲੀ ਵਾਰਦਾਤ ਦੇ ਮੁੱਖ ਮੁਲਜ਼ਮ ਜਤਿਨ ਕੁਮਾਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਉਸ ਨੇ ਉੱਥੇ ਪਹਿਲਾਂ ਤੋਂ ਛੁਪਾਏ ਆਪਣੇ ਹਥਿਆਰ ਨਾਲ ਪੁਲਸ ’ਤੇ ਗੋਲੀ ਚਲਾ ਦਿੱਤੀ। ਮੁਕਾਬਲੇ ਦੌਰਾਨ ਪੁਲਸ ਨੇ ਇਕ 30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।