ਹਰਦੋਈ : ਯੂ ਪੀ ਦੇ ਹਰਦੋਈ ਜ਼ਿਲ੍ਹੇ ਵਿੱਚ ਰਾਜਧਾਨੀ ਐੱਕਸਪ੍ਰੈੱਸ ਸਮੇਤ ਦੋ ਰੇਲ ਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਨੂੰ ਲੋਕੋ ਪਾਇਲਟਾਂ ਦੀ ਚੌਕਸੀ ਕਾਰਨ ਨਾਕਾਮ ਕਰ ਦਿੱਤਾ ਗਿਆ। ਸੋਮਵਾਰ ਸ਼ਾਮ ਨੂੰ ਅਣਪਛਾਤੇ ਬਦਮਾਸ਼ਾਂ ਨੇ ਦਲੇਲ ਨਗਰ ਅਤੇ ਉਮਰਤਾਲੀ ਸਟੇਸ਼ਨਾਂ ਦੇ ਵਿਚਕਾਰ ਪਟੜੀ ’ਤੇ ਅਰਥਿੰਗ ਤਾਰ ਦੀ ਵਰਤੋਂ ਕਰਕੇ ਲੱਕੜ ਦੇ ਬਲਾਕ ਬੰਨ੍ਹੇ ਹੋਏ ਸਨ। ਦਿੱਲੀ ਤੋਂ ਅਸਾਮ ਦੇ ਡਿਬਰੂਗੜ੍ਹ ਜਾ ਰਹੀ ਰਾਜਧਾਨੀ ਐੱਕਸਪ੍ਰੈੱਸ (20504) ਦੇ ਲੋਕੋ ਪਾਇਲਟ ਨੇ ਰੁਕਾਵਟ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾਈ ਅਤੇ ਇਸ ਰੋਕ ਨੂੰ ਹਟਾਉਂਦਿਆਂ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸੇ ਤਰ੍ਹਾਂ ਕਾਠਗੋਦਮ ਐੱਕਸਪ੍ਰੈੱਸ (15044) ਨੂੰ ਵੀ ਲੀਹ ਉਤਾਰਨ ਦੀ ਦੂਜੀ ਕੋਸ਼ਿਸ਼ ਕੀਤੀ ਗਈ। ਲੋਕੋ ਪਾਇਲਟ ਦੀ ਚੌਕਸੀ ਕਾਰਨ ਬਚਾਅ ਰਿਹਾ।
ਬੰਗਾਲ ਦੀ ਖਾੜੀ ’ਚ ਭੁਚਾਲ
ਨਵੀਂ ਦਿੱਲੀ : ਬੰਗਾਲ ਦੀ ਖਾੜੀ ਵਿੱਚ ਮੰਗਲਵਾਰ ਦੁਪਹਿਰ 3:15 ਵਜੇ 4.4 ਤੀਬਰਤਾ ਵਾਲਾ ਭੂਚਾਲ ਆਇਆ। ਇਸਦੀ ਡੂੰਘਾਈ ਦਸ ਕਿੱਲੋਮੀਟਰ ਸੀ। ਮਾਲੀ ਜਾਂ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਪੱਛਮੀ ਨੇਪਾਲ ਦੇ ਕਾਸਕੀ ਜ਼ਿਲ੍ਹੇ ਵਿੱਚ ਦੁਪਹਿਰ 4.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।