ਨਵੀਂ ਦਿੱਲੀ : ਸੁਪਰੀਮ ਕੋਰਟ ਨੇ ‘ਅਪ੍ਰੇਸ਼ਨ ਸਿੰਧੂਰ’ ਬਾਰੇ ਕਥਿਤ ਟਿੱਪਣੀਆਂ ਨਾਲ ‘ਦੇਸ਼ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਖਤਰੇ ਵਿਚ ਪਾਉਣ ਬਦਲੇ’ ਗਿ੍ਰਫਤਾਰ ਕੀਤੇ ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਖਿਲਾਫ ਆਈ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਦੇ ਹੁਕਮ ਦਿੱਤੇ ਹਨ। ਜਸਟਿਸ ਸੂਰੀਆ ਕਾਂਤ ਤੇ ਜਸਟਿਸ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਹਾਲਾਂਕਿ ਮਹਿਮੂਦਾਬਾਦ ਨੂੰ ਅੰਤਰਮ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਬੈਂਚ ਨੇ ਐਸੋਸੀਏਟ ਪ੍ਰੋਫੈਸਰ ਨੂੰ ਜਾਂਚ ਵਿਚ ਸ਼ਾਮਲ ਹੋਣ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਹੈ। ਪ੍ਰੋਫੈਸਰ ਨੂੰ ਦੋ ਐੱਫ ਆਈ ਆਰ’ਜ਼ ਦਰਜ ਹੋਣ ਮਗਰੋਂ ਐਤਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ।
ਲੁਧਿਆਣਾ, ਫਿਰੋਜ਼ਪੁਰ ਤੇ ਅੰਬਾਲਾ ਦੇ ਡੀ ਸੀ ਦਫਤਰ ਉਡਾਉਣ ਦੀ ਧਮਕੀ
ਲੁਧਿਆਣਾ : ਇੱਥੇ ਡੀ ਸੀ ਦਫਤਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤੇ ਪੁੱਜ ਗਏ, ਪਰ ਜਾਂਚ ਦੌਰਾਨ ਕੋਈ ਵੀ ਮਾੜੀ ਵਸਤੂ ਨਹੀਂ ਮਿਲੀ। ਡੀ ਸੀ ਫਿਰੋਜ਼ਪੁਰ ਨੂੰ ਵੀ ਈਮੇਲ ’ਤੇ ਅਜਿਹੀ ਹੀ ਧਮਕੀ ਮਿਲੀ। ਈ-ਮੇਲ ਰਾਹੀਂ ਡੀ ਸੀ ਦਫਤਰ ਅੰਬਾਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਘਬਰਾਹਟ ਪੈਦਾ ਹੋ ਗਈ, ਪਰ ਜਾਂਚ ਦੌਰਾਨ ਕੋਈ ਵੀ ਮਾੜੀ ਵਸਤੂ ਨਹੀਂ ਮਿਲੀ।
ਧਮਾਕੇ ’ਚ ਚਾਰ ਬੱਚੇ ਮਰੇ
ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੁੱਧਵਾਰ ਸਵੇਰੇ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ’ਚ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ 38 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਖ਼ੁਜ਼ਦਾਰ ਜ਼ਿਲ੍ਹੇ ਵਿੱਚ ਹੋਇਆ। ਬੱਸ ਫੌਜੀ ਛਾਉਣੀ ਦੇ ਸਕੂਲ ਜਾ ਰਹੀ ਸੀ।
ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ 720 ਸ਼ਰਧਾਲੂਆਂ ਦੀ ਚੋਣ
ਨਵੀਂ ਦਿੱਲੀ : ਪਿਛਲੇ ਪੰਜ ਸਾਲਾਂ ਤੋਂ ਮੁੱਅਤਲ ਚੱਲ ਰਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਇਸ ਸਾਲ 720 ਸ਼ਰਧਾਲੂਆਂ ਸਮੇਤ 30 ਸੰਪਰਕ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ। ਸ਼ਰਧਾਲੂਆਂ ਦੀ ਚੋਣ ਇੱਕ ਕੰਪਿਊਟਰ ਜਨਰੇਟਡ ਲੱਕੀ ਡਰਾਅ, ਰੈਂਡਮ (ਗੈਰ-ਪ੍ਰਣਾਲੀਬੱਧ) ਅਤੇ ਲਿੰਗ-ਸੰਤੁਲਤ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ। ਯਾਤਰਾ ਜੂਨ ਦੇ ਤੀਜੇ ਹਫਤੇ ਤੋਂ ਮੁੜ ਸ਼ੁਰੂ ਹੋਵੇਗੀ ਅਤੇ 25 ਅਗਸਤ ਨੂੰ ਖਤਮ ਹੋਵੇਗੀ। ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਹਿੰਦੂ ਧਰਮ ਦੇ ਪਵਿੱਤਰ ਸਥਾਨ ਹਨ ਅਤੇ ਤਿੱਬਤ ਵਿੱਚ ਸਥਿਤ ਹਨ। ਵਿਦੇਸ਼ ਮੰੰਤਰਾਲਾ ਨੇ ਦੱਸਿਆ ਕਿ 720 ਸ਼ਰਧਾਲੂਆਂ ਦੇ ਕੁੱਲ 15 ਜਥੇ ਹੋਣਗੇ ਅਤੇ ਹਰੇਕ ਜਥੇ ਵਿੱਚ 48 ਯਾਤਰੀ ਹੋਣਗੇ। ਇਨ੍ਹਾਂ ਜਥਿਆਂ ਵਿੱਚੋਂ ਕੁਝ ਉੱਤਰਾਖੰਡ ਅਤੇ ਕੁਝ ਸਿੱਕਮ ਰਾਹੀਂ ਜਾਣਗੇ।
ਕੋਲਕਾਤਾ ’ਤੇ ਡਰੋਨ-ਨੁਮਾ ਵਸਤੂਆਂ ਨਜ਼ਰ ਆਈਆਂ
ਕੋਲਕਾਤਾ : ਇੱਥੇ ਹੇਸਟਿੰਗਜ਼ ਖੇਤਰ, ਵਿਦਿਆਸਾਗਰ ਸੇਤੂ ਅਤੇ ਮੈਦਾਨ ਉੱਤੇ ਸੋਮਵਾਰ ਰਾਤ ਨੂੰ ਘੱਟੋ-ਘੱਟ 8-10 ਡਰੋਨ-ਨੁਮਾ ਵਸਤੂਆਂ ਉੱਡਦੀਆਂ ਨਜ਼ਰ ਆਈਆਂ। ਕੇਂਦਰ ਨੇ ਇਸ ਘਟਨਾ ਬਾਰੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਡਰੋਨ ਵਰਗੀਆਂ ਵਸਤੂਆਂ ਸੋਮਵਾਰ ਦੇਰ ਰਾਤ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਮਹੇਸ਼ਤਲਾ ਦੀ ਦਿਸ਼ਾ ਤੋਂ ਉੱਡਦੀਆਂ ਵੇਖੀਆਂ ਗਈਆਂ। ਫਿਰ ਇਹ ਹੇਸਟਿੰਗਜ਼ ਖੇਤਰ, ਦੂਜੇ ਹੁਗਲੀ ਪੁਲ (ਵਿਦਿਆਸਾਗਰ ਸੇਤੂ) ਅਤੇ ਫੋਰਟ ਵਿਲੀਅਮ (ਫੌਜ ਦਾ ਪੂਰਬੀ ਕਮਾਂਡ ਹੈੱਡਕੁਆਰਟਰ) ਉੱਤੇ ਉੱਡਦੀਆਂ ਰਹੀਆਂ।
ਪਾਕਿਸਤਾਨੀ ਫੜਿਆ
ਅੰਮਿ੍ਰਤਸਰ : ਬੀ ਐੱਸ ਐੱਫ ਜਵਾਨਾਂ ਨੇ ਅੰਮਿ੍ਰਤਸਰ ਦੇ ਸਰਹੱਦੀ ਪਿੰਡ ਕਰੀਮਪੁਰਾ ਨਾਲ ਲੱਗਦੇ ਖੇਤਰ ’ਚੋਂ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿੱਚੋਂ 330 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਉਸ ਨੂੰ ਅਗਲੇਰੀ ਜਾਂਚ ਲਈ ਸਥਾਨਕ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।




