ਪੂਜਾ ਖੇੜਕਰ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ

0
150

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭਾਰਤੀ ਪ੍ਰਸ਼ਾਸਨਕ ਸੇਵਾ (ਆਈ ਏ ਐੱਸ) ਦੀ ਸਾਬਕਾ ਪ੍ਰੋਬੇਸ਼ਨਰ ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਖੇੜਕਰ ’ਤੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ, ਹੋਰਨਾਂ ਪੱਛੜੇ ਵਰਗਾਂ ਤੇ ਵਿਕਲਾਂਗਤਾ ਕੋਟੇ ਤਹਿਤ ਗਲਤ ਤਰੀਕੇ ਨਾਲ ਲਾਭ ਲੈਣ ਦਾ ਦੋਸ਼ ਹੈ। ਜਸਟਿਸ ਬੀ ਵੀ ਨਾਗਰਤਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਜ਼ਮਾਨਤ ਦਿੰਦਿਆਂ ਕਿਹਾ, ‘ਉਸ ਨੇ ਕਿਹੜਾ ਗੰਭੀਰ ਅਪਰਾਧ ਕੀਤਾ ਹੈ? ਉਹ ਡਰੱਗ ਮਾਫੀਆ ਜਾਂ ਅੱਤਵਾਦੀ ਨਹੀਂ । ਉਸ ਨੇ 302 (ਕਤਲ) ਨਹੀਂ ਕੀਤਾ। ਉਹ ਐੱਨ ਡੀ ਪੀ ਐੱਸ ਤਹਿਤ ਅਪਰਾਧੀ ਨਹੀਂ। ਤੁਹਾਡੇ ਕੋਲ ਕੋਈ ਸਿਸਟਮ ਜਾਂ ਸਾਫਟਵੇਅਰ ਹੋਣਾ ਚਾਹੀਦਾ ਹੈ। ਤੁਸੀਂ ਜਾਂਚ ਪੂਰੀ ਕਰੋ। ਉਸ ਨੇ ਸਭ ਕੁਝ ਗੁਆ ਦਿੱਤਾ ਹੈ ਅਤੇ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੇਗੀ।’ ਬੈਂਚ ਨੇ ਕਿਹਾ, ‘ਕੇਸ ਦੇ ਤੱਥਾਂ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਢੁੱਕਵਾਂ ਮਾਮਲਾ ਹੈ, ਜਿੱਥੇ ਦਿੱਲੀ ਹਾਈ ਕੋਰਟ ਨੂੰ ਪਟੀਸ਼ਨਰ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ।’
ਉਧਰ, ਦਿੱਲੀ ਪੁਲਸ ਵੱਲੋਂ ਪੇਸ਼ ਵਕੀਲ ਨੇ ਪੇਸ਼ਗੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਖੇੜਕਰ ਜਾਂਚ ਵਿੱਚ ਸਹਿਯੋਗ ਤੋਂ ਇਨਕਾਰੀ ਹੈ ਤੇ ਉਸ ਖਿਲਾਫ ਲੱਗੇ ਦੋਸ਼ ਗੰਭੀਰ ਹਨ। ਖੇੜਕਰ ’ਤੇ 2022 ਦੀ ਯੂ ਪੀ ਐੱਸ ਸੀ ਸਿਵਲ ਸੇਵਾਵਾਂ ਪ੍ਰੀਖਿਆ ਮੌਕੇ ਰਾਖਵਾਂਕਰਨ ਲਾਭ ਪ੍ਰਾਪਤ ਕਰਨ ਲਈ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਪੇਸ਼ ਕਰਨ ਦਾ ਦੋਸ਼ ਹੈ। ਉਸ ਨੇ ਹਾਲਾਂਕਿ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।