ਬਸਾਵਾਰਾਜੂ ਸਣੇ 27 ਨਕਸਲੀ ਮਾਰ’ਤੇ

0
107

ਨਰਾਇਣਪੁਰ : ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ 27 ਨਕਸਲੀ ਮਾਰ ਦਿੱਤੇ। ਇਨ੍ਹਾਂ ਵਿੱਚ ਸੀ ਪੀ ਆਈ (ਮਾਓਵਾਦੀ) ਦਾ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ ਬਸਾਵਾਰਾਜੂ ਵੀ ਸੀ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਤੇ ਇੱਕ ਜ਼ਖਮੀ ਹੋ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਸੁਰੱਖਿਆ ਬਲਾਂ ਨੇ ਜਨਰਲ ਸਕੱਤਰ ਰੈਂਕ ਦੇ ਨਕਸਲੀ ਨੂੰ ਮਾਰ ਮੁਕਾਇਆ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ 31 ਮਾਰਚ, 2026 ਤੱਕ ਨਕਸਲਵਾਦ ਨੂੰ ਖਤਮ ਕਰ ਦੇਵੇਗੀ।
ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਕਿਹਾ ਕਿ ਮੁਕਾਬਲਾ ਅਬੂਜਮਾਤ ਤੇ ਇੰਦਰਾਵਤੀ ਨੈਸ਼ਨਲ ਪਾਰਕ ਇਲਾਕੇ ਦਰਮਿਆਨ ਸੰਘਣੇ ਜੰਗਲਾਂ ਵਿੱਚ ਉਦੋਂ ਹੋਇਆ, ਜਦੋਂ ਚਾਰ ਜ਼ਿਲ੍ਹਿਆਂ ਦੀ ਪੁਲਸ ਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਸਾਂਝੀ ਟੀਮ ਨਕਸਲ ਵਿਰੋਧੀ ਅਪ੍ਰੇਸ਼ਨ ’ਤੇ ਸੀ। ਬਸਾਵਾਰਾਜੂ ’ਤੇ 1.5 ਕਰੋੜ ਰੁਪਏ ਦਾ ਇਨਾਮ ਸੀ। ਨਕਸਲੀ ਕਮਾਂਡਰ ਰੂਪੇਸ਼ ਅਤੇ ਕਈ ਹੋਰ ਵੱਡੇ ਨਕਸਲੀ ਆਗੂਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਗਣਪਤੀ ਤੋਂ ਬਾਅਦ ਨਵੰਬਰ 2018 ਵਿੱਚ ਬਸਾਵਾਰਾਜੂ ਨੂੰ ਨਕਸਲੀ ਸੰਗਠਨ ਦੀ ਕਮਾਨ ਸੌਂਪੀ ਗਈ ਸੀ।