ਮਸ਼ਹੂਰੀਜੀਵੀ

0
54

ਕਈ ਫਿਲਮਸਾਜ਼ਾਂ ਨੇ ਅਪ੍ਰੇਸ਼ਨ ਸਿੰਧੂਰ ਦਾ ਲਾਹਾ ਲੈਣ ਲਈ ‘ਸਿੰਧੂਰ’ ਨਾਂਅ ਵਾਲੇ ਫਿਲਮੀ ਟਾਈਟਲ ਆਪਣੇ ਨਾਂਅ ਰਜਿਸਟਰਡ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਕਰੀਬ ਦੋ ਦਰਜਨ ਕਾਰਪੋਰੇਟ ਘਰਾਣਿਆਂ ਨੇ ਇਸ ਨੂੰ ਟਰੇਡਮਾਰਕ ਵਜੋਂ ਰਜਿਸਟਰਡ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਰਿਲਾਇੰਸ ਵੀ ਇਨ੍ਹਾਂ ਵਿੱਚ ਸ਼ਾਮਲ ਸੀ ਪਰ ਉਸ ਨੇ ਚੁੱਪ-ਚੁਪੀਤੇ ਅਰਜ਼ੀ ਵਾਪਸ ਲੈ ਲਈ। ਹਾਲਾਂਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਦੇ ਕਈ ਲੋਕਾਂ ਨੂੰ ਵੀ ਜਾਨਾਂ ਗੁਆਉਣੀਆਂ ਪਈਆਂ ਹਨ, ਪਰ ਵਪਾਰਕ ਘਰਾਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਨ ’ਤੇ ਹੀ ਚੱਲ ਰਹੇ ਹਨ। ਆਫਤ ਨੂੰ ਮੌਕੇ ਵਿੱਚ ਬਦਲਣ ਦਾ ਨੁਸਖਾ ਮੋਦੀ ਨੇ ਹੀ ਦੱਸਿਆ ਸੀ। ਵਪਾਰਕ ਘਰਾਣੇ ਹਾਲੇ ਆਪਣੇ ਉਤਪਾਦ ਬਾਜ਼ਾਰ ਵਿੱਚ ਪੇਸ਼ ਕਰਨਗੇ, ਪਰ ਰੇਲ ਭਵਨ ਬਾਜ਼ੀ ਲੈ ਗਿਆ ਹੈ। ਉਸ ਨੇ ਅਜਿਹੀਆਂ ਰੇਲ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ’ਤੇ ਮੋਦੀ ਦੀ ਤਸਵੀਰ ਲੱਗੀ ਹੋਈ ਹੈ। ਕੋਵਿਡ-19 ਦੀ ਵੈਕਸੀਨ ਲੁਆਉਣ ਤੋਂ ਬਾਅਦ ਜਾਰੀ ਕੀਤੇ ਜਾਂਦੇ ਸਰਟੀਫਿਕੇਟ ’ਤੇ ਵੀ ਮੋਦੀ ਦੀ ਤਸਵੀਰ ਲਾਈ ਗਈ ਸੀ।
ਭਾਰਤੀ ਰੇਲਵੇ ਦੀਆਂ ਟਿਕਟਾਂ ਉੱਤੇ ‘ਅਪ੍ਰੇਸ਼ਨ ਸਿੰਧੂਰ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਲੈ ਕੇ ਸਿਆਸੀ ਵਿਵਾਦ ਛਿੜ ਗਿਆ ਹੈ। ਆਫਤ ਨੂੰ ਮੌਕੇ ਵਿੱਚ ਬਦਲਣ ’ਚ ਮਾਹਰ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਅਪ੍ਰੇਸ਼ਨ ਸਿੰਧੂਰ ਦਾ ਸਿਆਸੀ ਲਾਹਾ ਲੈਣ ਲਈ ਰੇਲਵੇ ਟਿਕਟਾਂ ’ਤੇ ਮੋਦੀ ਦੀ ਤਸਵੀਰ ਲਾਉਣ ਦਾ ਜਿਹੜਾ ਕੌਤਕ ਕੀਤਾ ਹੈ, ਆਪੋਜ਼ੀਸ਼ਨ ਪਾਰਟੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੇ ਉਸ ਨੂੰ ਚੋਣ ਲਾਭ ਲਈ ਫੌਜੀ ਕਾਰਵਾਈ ਦਾ ਘੋਰ ਸਿਆਸੀਕਰਨ ਦੱਸਦਿਆਂ ਸਖਤ ਨਿੰਦਾ ਕੀਤੀ ਹੈ। ਲੋਕ ਸਭਾ ਵਿੱਚ ਕਾਂਗਰਸ ਦੇ ਵ੍ਹਿਪ ਮਣੀਕਮ ਟੈਗੋਰ ਨੇ ਕਿਹਾ ਹੈ ਕਿ ਅਪ੍ਰੇਸ਼ਨ ਸਿੰਧੂਰ ਨੂੰ ਹੁਣ ਸ਼ੈਂਪੂ ਦੀ ਤਰ੍ਹਾਂ ਵੇਚਿਆ ਜਾ ਰਿਹਾ ਹੈ। ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਪ੍ਰਧਾਨ ਮੰਤਰੀ ਉੱਤੇ ਜੰਗ ਤੇ ਸ਼ਹਾਦਤ ਨੂੰ ਮੌਕੇ ਦੇ ਰੂਪ ਵਿੱਚ ਦੇਖਣ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਫੌਜੀਆਂ ਦੇ ਮੁਕਾਬਲੇ ਮੋਦੀ ਦੇ ਅਕਸ ਨੂੰ ਚਮਕਾਉਣਾ ਹੰਕਾਰ ਦੀ ਇੰਤਹਾ ਹੈ। ਲੜਾਈ ਦੌਰਾਨ ਮਾਸੂਮ ਲੋਕਾਂ ਦਾ ਖੂਨ ਵਗਿਆ, ਜਵਾਨਾਂ ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਕਿਸਤਾਨ ਨੂੰ ਜਵਾਬ ਦਿੱਤਾ ਤੇ ਪ੍ਰਧਾਨ ਮੰਤਰੀ ਨੇ ਨਵਾਂ ਇਸ਼ਤਿਹਾਰ ਕਢਵਾ ਲਿਆ। ਜਿਹੜੇ ਸ਼ਹੀਦ ਹੋਏ, ਉਨ੍ਹਾਂ ਦਾ ਨਾ ਕੋਈ ਨਾਂਅ, ਨਾ ਚਿਹਰਾ, ਪਰ ਆਪਣੀ ਤਸਵੀਰ ਲੁਆ ਲਈ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਕਈ ਲੋਕਾਂ ਨੇ ਕਿਹਾ ਹੈ ਕਿ ਸਰਕਾਰ ‘ਵਿਗਿਆਪਨ-ਗ੍ਰਸਤ’ ਹੈ ਅਤੇ ਬਿਹਾਰ ਦੇ ਵੋਟਰਾਂ ਨੂੰ ਲੁਭਾਉਣ ਲਈ ਫੌਜ ਦੀ ਬਹਾਦਰੀ ਨੂੰ ਇੱਕ ਉਤਪਾਦ ਦੀ ਤਰ੍ਹਾਂ ਵੇਚ ਰਹੀ ਹੈ। ਰੇਲਵੇ ਟਿਕਟ ’ਤੇ ਅਪ੍ਰੇਸ਼ਨ ਸਿੰਧੂਰ ਨੂੰ ਮੋਦੀ ਦੇ ਇਸ਼ਤਿਹਾਰ ਵਜੋਂ ਵਰਤਣਾ ਦੇਸ਼ਭਗਤੀ ਨਹੀਂ, ਸਗੋਂ ਸੌਦੇਬਾਜ਼ੀ ਹੈ।
ਪੁਲਵਾਮਾ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਗਈ ਕਾਰਵਾਈ ਦਾ ਵੀ ਮੋਦੀ ਨੇ ਇਸੇ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਫਾਇਦਾ ਉਠਾਇਆ ਸੀ। ਭਾਰਤੀ ਫੌਜ ਪਾਕਿਸਤਾਨੀ ਫੌਜ ਵਾਂਗ ਸਿਆਸੀ ਲਾਲਸਾ ਰੱਖਣ ਵਾਲੀ ਨਹੀਂ ਹੈ ਤੇ ਉਸ ਨੂੰ ਗੈਰਸਿਆਸੀ ਹੀ ਰਹਿਣ ਦੇਣਾ ਚਾਹੀਦਾ ਹੈ। ਕਿਸੇ ਨੂੰ ਵੀ ਉਸ ਦੀ ਬਹਾਦਰੀ ਦੇ ਕਾਰਨਾਮਿਆਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਨਹੀਂ ਵਰਤਣਾ ਚਾਹੀਦਾ।