ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਨਵੀਂ ਦਿੱਲੀ ਤੋਂ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਾਰਟੀ ਛੱਤੀਸਗੜ੍ਹ ਵਿੱਚ ਇੱਕ ਸੀਨੀਅਰ ਮਾਓਵਾਦੀ ਆਗੂ ਅਤੇ ਕਈ ਆਦਿਵਾਸੀਆਂ ਦੀ ਕੀਤੀ ਗਈ ਬੇਕਿਰਕ ਹੱਤਿਆ ਦੀ ਸਖਤ ਨਿੰਦਾ ਕਰਦੀ ਹੈ। ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਕਾਊਂਟਰ ਇਨਸਰਜੈਂਸੀ ਦੇ ਨਾਂਅ ’ਤੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਮਾਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।ਕਾਨੂੰਨੀ ਗਿ੍ਰਫਤਾਰੀ ਦੀ ਬਜਾਏ ਕਾਤਲਾਨਾ ਤਾਕਤ ਦੇ ਵਰਤਾਅ ਨੇ ਰਾਜ ਦੀਆਂ ਲੋਕਤੰਤਰਿਕ ਨੀਤੀਆਂ ਅਤੇ ਕਾਨੂੰਨੀ ਸਿਧਾਂਤਾਂ ਪ੍ਰਤੀ ਵਚਨਬੱਧਤਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜੇਕਰ ਅਧਿਕਾਰੀਆਂ ਕੋਲ ਆਗੂ ਦੀ ਮੌਜੂਦਗੀ ਬਾਰੇ ਭਰੋਸੇਯੋਗ ਜਾਣਕਾਰੀ ਸੀ ਤਾਂ ਕਾਨੂੰਨੀ ਰਸਤਾ ਕਿਉ ਨਹੀਂ ਅਪਣਾਇਆ ਗਿਆ? ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਉਲੰਘਣਾ ਕਿਉ ਕੀਤੀ ਗਈ? ਇਹ ਹੱਤਿਆਵਾਂ ਨਾ ਸਿਰਫ ਸੱਤਾ ਦੀ ਹਿੰਸਾ ਦੀ ਖ਼ਤਰਨਾਕ ਰਵਾਇਤ ਨੂੰ ਦਰਸਾਉਦੀਆਂ ਹਨ, ਸਗੋਂ ਇਸ ਖੇਤਰ ਵਿੱਚ ਆਦਿਵਾਸੀ ਭਾਈਚਾਰਿਆਂ ਦੀ ਲਗਾਤਾਰ ਹਾਸ਼ੀਏ ’ਤੇ ਧੱਕੇ ਖਾਣ ਵਾਲੀ ਹਾਲਤ ਨੂੰ ਵੀ ਉਜਾਗਰ ਕਰਦੀਆਂ ਹਨ। ਇਹ ਭਾਈਚਾਰੇ ਇੱਕ ਅਜਿਹੀ ਲੜਾਈ ’ਚ ਫਸ ਜਾਂਦੇ ਹਨ, ਜੋ ਉਹਨਾਂ ਸ਼ੁਰੂ ਨਹੀਂ ਕੀਤੀ ਹੁੰਦੀ। ਸੀ ਪੀ ਆਈ ਇਸ ਪੂਰੇ ਮਾਮਲੇ ਦੀ ਅਤੇ ‘ਕਾਗਾਰ ਅਪਰੇਸ਼ਨ’ ਦੀ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕਰਦੀ ਹੈ। ਛੱਤੀਸਗੜ੍ਹ ਦੇ ਲੋਕ ਅਤੇ ਪੂਰੇ ਦੇਸ਼ ਦੇ ਲੋਕ ਇਸ ਸੱਚਾਈ ਨੂੰ ਜਾਣਨ ਦੇ ਹੱਕਦਾਰ ਹਨ।ਇੱਕ ਲੋਕਤੰਤਰਿਕ ਸਮਾਜ ਵਿੱਚ ਸੱਤਾ ਨੂੰ ਜੱਜ, ਜਿਊਰੀ ਅਤੇ ਫਾਂਸੀ ਦੇਣ ਵਾਲਾ ਅਧਿਕਾਰੀ ਬਣਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਆਦਿਵਾਸੀਆਂ ਦੀ ਇੱਜ਼ਤ ਅਤੇ ਅਧਿਕਾਰ ਸੁਰੱਖਿਅਤ ਹੋਣੇ ਚਾਹੀਦੇ ਹਨ। ਸੀ ਪੀ ਆਈ ਸਾਰੀਆਂ ਲੋਕਤੰਤਰਿਕ ਅਤੇ ਤਰੱਕੀਪਸੰਦ ਤਾਕਤਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਅਨਿਆਂ ਦੇ ਵਿਰੁੱਧ ਆਪਣੀ ਆਵਾਜ਼ ਉਠਾਉਣ ਅਤੇ ਛੱਤੀਸਗੜ੍ਹ ਦੇ ਲੋਕਾਂ ਨਾਲ ਇਕਜੁਟਤਾ ਵਿਖਾਉਣ।