ਅਮਰੀਕਾ ’ਚ ਇਜ਼ਰਾਈਲੀ ਅੰਬੈਸੀ ਦੇ ਦੋ ਸਟਾਫ ਮੈਂਬਰਾਂ ਦੀ ਹੱਤਿਆ

0
67

ਵਾਸ਼ਿੰਗਟਨ : ਇਥੇ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਈਲੀ ਅੰਬੈਸੀ ਦੇ ਦੋ ਸਟਾਫ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਗੋਲੀਆਂ ਚਲਾਉਣ ਵਾਲੇ ਮਸ਼ਕੂਕ ਨੂੰ ਗਿ੍ਰਫਤਾਰ ਕਰ ਲਿਆ ਹੈ। ਇਜ਼ਰਾਈਲੀ ਅੰਬੈਸੀ ਦੇ ਇਹ ਦੋਵੇਂ ਮੈਂਬਰ, ਜਿਨ੍ਹਾਂ ਵਿੱਚੋਂ ਇਕ ਮਹਿਲਾ ਹੈ, ਮਿਊਜ਼ੀਅਮ ਵਿੱਚ ਇਕ ਸਮਾਗਮ ’ਚ ਹਾਜ਼ਰੀ ਭਰਨ ਮਗਰੋਂ ਉਥੋਂ ਜਾ ਰਹੇ ਸਨ। ਮਸ਼ਕੂਕ ਨੇ ਗੋਲੀਆਂ ਚਲਾਉਣ ਮਗਰੋਂ ‘ਫਰੀ ਫਰੀ ਫਲਸਤੀਨ’ (ਫਲਸਤੀਨ ਨੂੰ ਆਜ਼ਾਦ ਕਰੋ) ਦੇ ਨਾਅਰੇ ਲਾਏ।
ਮਸ਼ਕੂਕ ਦੀ ਪਛਾਣ ਸ਼ਿਕਾਗੋ ਦੇ ਰਹਿਣ ਵਾਲੇ ਏਲੀਆਸ ਰੋਡ੍ਰੀਗਜ਼ (30) ਵਜੋਂ ਦੱਸੀ ਗਈ ਹੈ। ਮੈਟਰੋਪੋਲੀਟਨ ਪੁਲਸ ਦੇ ਮੁਖੀ ਪਾਮੇਲਾ ਸਮਿਥ ਨੇ ਕਿਹਾ ਕਿ ਮਸ਼ਕੂਕ ਨੂੰ ਗੋਲੀਬਾਰੀ ਤੋਂ ਪਹਿਲਾਂ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਗੋਲੀਬਾਰੀ ਤੋਂ ਬਾਅਦ ਉਹ ਮਿਊਜ਼ੀਅਮ ਵਿੱਚ ਚਲਾ ਗਿਆ, ਜਿੱਥੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਉਧਰ, ਅਮਰੀਕਾ ਵਿਚ ਇਜ਼ਰਾਇਲੀ ਰਾਜਦੂਤ ਯੇਚੀਲ ਲੀਟਰ ਨੇ ਕਿਹਾ ਕਿ ਮਾਰੇ ਗਏ ਦੋਵੇਂ ਜਣੇ ਨੌਜਵਾਨ ਜੌੜੇ ਸਨ, ਜਿਨ੍ਹਾਂ ਦੀ ਮੰਗਣੀ ਹੋਣ ਵਾਲੀ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਇਹ ਭਿਆਨਕ ਹੱਤਿਆਵਾਂ, ਜੋ ਸਪੱਸ਼ਟ ਰੂਪ ’ਚ ਯਹੂਦੀ ਵਿਰੋਧੀ ਭਾਵਨਾਵਾਂ ’ਤੇ ਅਧਾਰਤ ਹਨ, ਹੁਣ ਖਤਮ ਹੋਣੀਆਂ ਚਾਹੀਦੀਆਂ ਹਨ। ਨਫਰਤ ਤੇ ਕੱਟੜਵਾਦ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਪੀੜਤਾਂ ਦੇ ਪਰਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਬਹੁਤ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ! ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ!’’ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਕਿਹਾ ਕਿ ਉਹ ਵਾਸ਼ਿੰਗਟਨ ਵਿੱਚ ਅਜਿਹੇ ਦਿ੍ਰਸ਼ਾਂ ਤੋਂ ਬੇਹੱਦ ਦੁਖੀ ਹਨ।