ਅੰਮਿ੍ਰਤਸਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਪੰਥ ਅੰਦਰ ਤਖਤ ਸਾਹਿਬਾਨ ਦੀ ਇਤਿਹਾਸਕ ਤੇ ਸਿਧਾਂਤਕ ਮਹਾਨਤਾ ਬਹੁਤ ਵੱਡੀ ਹੈ, ਜਿਸ ਦੇ ਮੱਦੇਨਜ਼ਰ ਇਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ ਕੌਮ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਫੈਸਲਿਆਂ ਬਾਅਦ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਆਦੇਸ਼ ਨਾਲ ਕੌਮ ਅੰਦਰ ਚੰਗਾ ਸੁਨੇਹਾ ਨਹੀਂ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਆਪਸੀ ਟਕਰਾਅ ਵਾਲੇ ਮਾਹੌਲ ਨਾਲ ਕੌਮ ਅੰਦਰ ਦੁਬਿਧਾ ਬਣੀ ਹੈ। ਉਨ੍ਹਾ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸੰਸਥਾਗਤ ਤੌਰ ’ਤੇ ਅਤੇ ਸਿੱਖ ਪੰਥ ਦਾ ਅੰਗ ਹੋਣ ਕਰਕੇ ਨਿੱਜੀ ਤੌਰ ’ਤੇ ਜਤਨ ਕਰਨਗੇ ਕਿ ਇਹ ਮਸਲਾ ਜਲਦ ਹੱਲ ਹੋਵੇ।




