ਬੰਗਾ (ਅਵਤਾਰ ਕਲੇਰ)-ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ 37ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਮੇਹਲੀ ਵਿਖੇ ਸ਼ੁੱਕਰਵਾਰ ਮਨਾਈ ਗਈ।ਸਭ ਤੋਂ ਪਹਿਲਾਂ ਸ਼ਹੀਦੀ ਯਾਦਗਾਰ ’ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਝੰਡਾ ਲਹਿਰਾਇਆ।ਇਸ ਸ਼ਹੀਦੀ ਕਾਨਫਰੰਸ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਭੰਗਲ, ਬੀਬੀ ਗੁਰਬਖਸ਼ ਕੌਰ ਰਾਹੋਂ ਅਤੇ ਜਸਵਿੰਦਰ ਸਿੰਘ ਨੇ ਕੀਤੀ।ਸ਼ਹੀਦੀ ਕਾਨਫਰੰਸ ਨੂੰ ਕਾਮਰੇਡ ਬੰਤ ਸਿੰਘ ਬਰਾੜ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਸੰਬੋਧਨ ਕੀਤਾ।ਕਾਮਰੇਡ ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਨੇ ਆਪਣੀ ਸਾਰੀ ਜ਼ਿੰਦਗੀ ਗਰੀਬ ਲੋਕਾਂ ਦੇ ਲੇਖੇ ਲਾਈ।ਉਹਨਾਂ ਗਰੀਬ ਘਰ ਤੋਂ ਉੱਠ ਕੇ ਬੜੀ ਮਿਹਨਤ ਨਾਲ ਲੋਕਾਂ ਨੂੰ ਲਾਮਬੰਦ ਕਰਕੇ ਪਾਰਟੀ ਨਾਲ ਜੋੜਿਆ।ਮਜ਼ਦੂਰ ਯੂਨੀਅਨ ਦੇ ਕੌਮੀ ਆਗੂ ਬਣੇ, ਸੀ ਪੀ ਆਈ ਦੇ ਸੂਬਾ ਕੌਸਲ ਮੈਂਬਰ ਦੇ ਅਹੁਦੇ ’ਤੇ ਪਹੁੰਚੇ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਆਪਣੀ ਜਾਨ ਦਿੱਤੀ।ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਿੰਦੂ-ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ।ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮੁਸਲਮਾਨਾਂ ਦਾ ਵੱਡਾ ਯੋਗਦਾਨ ਹੈ।ਉਹਨਾਂ ਨਾਲ ਬੇਗਾਨਿਆਂ ਵਾਲਾ ਵਰਤਾਰਾ ਬਰਦਾਸ਼ਤ ਨਹੀਂ ਕਰਾਂਗੇ।ਅਜ਼ਾਦੀ ਵੇਲੇ ਆਰ ਐਸ ਐਸ ਵਾਲੇ ਦੇਸ਼ ਭਗਤਾਂ ਦੇ ਵਿਰੋਧੀ ਸਨ ਅਤੇ ਅੰਗਰੇਜ਼ਾਂ ਦੇ ਪਿੱਠੂ ਸਨ।ਅੱਜ ਵੀ ਕੇਂਦਰ ਸਰਕਾਰ ਅੰਬਾਨੀਆਂ ਅਤੇ ਅਡਾਨੀਆਂ ਦੀ ਗੁਲਾਮੀ ਕਰ ਰਹੀ ਹੈ।ਉਨ੍ਹਾ ਕਿਹਾ ਕਿ ਛੱਤੀਸਗੜ੍ਹ ’ਚ ਆਦਿਵਾਸੀ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਹੋ ਰਿਹਾ ਹੈ ਅਤੇ ਨਕਸਲੀ ਕਹਿ ਕੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ।ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਉਨ੍ਹਾ ਕਿਹਾ ਕਿ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਨੇ ਫੌਜ ਦੀ ਕਰਨਲ ਬੀਬੀ ’ਤੇ ਧਰਮ ਦੇ ਨਾਂ ਤੇ ਹਮਲਾ ਕੀਤਾ।ਉਸ ਮੰਤਰੀ ਨੂੰ ਅਜੇ ਤੱਕ ਸਰਕਾਰ ਵਿਚੋਂ ਨਹੀਂ ਕੱਢਿਆ।ਦੂਸਰੇ ਪਾਸੇ ਪ੍ਰੋਫੈਸਰ ਅਲੀ ਖਾਨ ਦੇ ਸਧਾਰਨ ਬਿਆਨ ’ਤੇ ਵੀ ਉਸ ’ਤੇ ਪਰਚਾ ਦਰਜ ਕਰ ਲਿਆ ਹੈ।ਇਹ ਸਰਕਾਰ ਲੋਕਤੰਤਰ ਦੀ ਕਾਤਲ ਹੈ।ਇਸ ਦੇ ਖਿਲਾਫ ਮੁਹਿੰਮ ਚਲਾਉਣੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਸੱਤਾ ’ਚ ਆਈ ਪਰ ਲੋਕਾਂ ਦੇ ਪੱਲੇ ਸਿਰਫ ਲਾਰੇ ਹੀ ਪਏ।ਨਸ਼ਿਆਂ ਦਾ ਦੌਰ ਹੈ, ਰੇਤਾ, ਬਜਰੀ ਦੀ ਚੋਰੀ ਜ਼ੋਰਾਂ ’ਤੇ ਹੈ।ਪੰਜਾਬ ਸਰਕਾਰ ਨਸ਼ਿਆਂ ਦਾ ਨਾਂ ਲੈ ਕੇ ਡਰਾਮਾ ਕਰ ਰਹੀ ਹੈ।ਅੰਦਰ ਗਰੀਬ ਲੋਕਾਂ ਦੇ ਘਰ ਢਾਏ ਜਾ ਰਹੇ ਹਨ, ਕਿਸੇ ਵੀ ਪੂੰਜੀਪਤੀ ਜਾਂ ਸਰਮਾਏਦਾਰਾਂ ਦਾ ਘਰ ਨਹੀਂ ਢਾਹਿਆ।ਉਨ੍ਹਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸੀ ਪੀ ਆਈ ਦੀ ਨੈਸ਼ਨਲ ਕਾਂਗਰਸ 21 ਤੋਂ 25 ਸਤੰਬਰ ਨੂੰ ਹੋ ਰਹੀ ਹੈ ਅਤੇ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ।ਇਸ ਰੈਲੀ ਚ ਵੱਧ ਤੋਂ ਵੱਧ ਸਾਥੀ ਲੈ ਕੇ ਪਹੁੰਚੀਏ।ਉਹਨਾਂ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਹਨਾਂ ਵਲੋਂ ਸ਼ੁਰੂ ਕੀਤੇ ਅਧੂਰੇ ਕਾਰਜਾਂ ਨੂੰ ਪੂਰਾ ਕਰੀਏ ਅਤੇ ਲਾਲ ਝੰਡਾ ਉੱਚਾ ਰੱਖਏ।ਕਾਮਰੇਡ ਗੋਰੀਆ ਅਤੇ ਕਾਮਰੇਡ ਦੇਵੀ ਕੁਮਾਰੀ ਨੇ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਮਜ਼ਦੂਰਾਂ ਦੀ ਜਥੇਬੰਦੀ ਦੇ ਆਗੂ ਸਨ।ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ।ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ।ਮਨਰੇਗਾ ਸਕੀਮ ਦਾ ਬਜਟ ਘਟਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖੇਤ ਮਜ਼ਦੂਰਾਂ ਵਲੋਂ 10 ਜੂਨ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਹਨਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਮਜ਼ਦੂਰ ਜਥੇਬੰਦੀਆਂ ਬਣਾਈਏ।ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, ਜਥੇਦਾਰ ਸਰੂਪ ਸਿੰਘ ਖਲਵਾੜਾ ਵਿਸ਼ੇਸ਼ ਤੌਰ ’ਤੇ ਪਹੁੰਚੇ।ਮਾਸਟਰ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਲੋਕ ਗਾਇਕ ਗੁਰਮੇਜ ਮੇਹਲੀ ਅਤੇ ਕਮਲ ਕਟਾਣੀਆ ਨੇ ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਰੰਜਣ ਦਾਸ ਮੇਹਲੀ ਵਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਮੁੱਖ ਸਿੰਘ ਫਰਾਲਾ, ਸਤਨਾਮ ਚਾਹਲ, ਜਰਨੈਲ ਪਨਾਮ, ਨਰਿੰਦਰ ਕਾਲੀਆ, ਜਸਵਿੰਦਰ ਰਾਹੋਂ, ਅਮਰਜੀਤ ਬੱਬੀ, ਸੁਰਿੰਦਰ ਪਾਲ ਸਾਬਕਾ ਸਰਪੰਚ,ਹੁਸਨ ਲਾਲ, ਰਾਮ ਲਾਲ, ਸ਼ੀਲਾ ਰਾਣੀ, ਜਗਦੀਸ਼ ਕੌਰ ਸਾਬਕਾ ਸਰਪੰਚ, ਗੁਰਮੀਤ ਰਾਮ, ਹਰਮੇਸ਼ ਲਾਲ, ਬਲਿਹਾਰ ਰਾਮ, ਬੁੱਧ ਪ੍ਰਕਾਸ਼ ਸ਼ੌਂਕੀ, ਗੁਰਦੀਪ ਲਾਲ ਆਦਿ ਹਾਜ਼ਰ ਸਨ।