ਮਾਨਸਾ (ਆਤਮਾ ਸਿੰਘ ਪਮਾਰ)-ਮਾਸਟਰ ਬਲਵੀਰ ਸਿੰਘ ਮੰਦਰਾਂ ਪਿੰਡ ਆਲਮਪੁਰ ਮੰਦਰਾਂ ਚੜ੍ਹਦੀ ਜਵਾਨੀ ਵਿੱਚ ਹੀ ਸੀਪੀਆਈ ਵਿੱਚ ਸਰਗਰਮ ਹੋ ਗਏ ਸਨ, ਲਾਲ ਪਾਰਟੀ ਵਿੱਚ ਵੀ ਵੱਧ ਚੜ੍ਹਕੇ ਕੰਮ ਕੀਤਾ, ਕਈ ਵਾਰ ਜੇਲ੍ਹ ਗਏ। ਕਾਫ਼ੀ ਸਮਾਂ ਗੁਪਤਵਾਸ ਵੀ ਰਹੇ, ਕਾ. ਜੋਗਾ ਜੀ ਦੇ ਜ਼ੋਰ ਦੇਣ ਤੇ ਅਧਿਆਪਕ ਵਜੋਂ ਸਿਖਲਾਈ ਲੈ ਕੇ ਲੰਮਾ ਸਮਾਂ ਬਤੌਰ ਅਧਿਆਪਕ ਵੀ ਸੇਵਾ ਨਿਭਾਈ, ਅਤੇ ਇੱਕ ਵਧੀਆ ਅਧਿਆਪਕ ਦਾ ਨਾਮਣਾ ਖੱਟਿਆ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਿਰਮੌਰ ਆਗੂ ਵਜੋਂ ਵੀ ਸਥਾਪਿਤ ਹੋਏ ਤੇ ਅਗਸਤ 1992’ਚ ਆਪਣੇ ਪਿੰਡ ਦੇ ਹਾਈ ਸਕੂਲ ਤੋਂ ਬਤੌਰ ਸਕੂਲ ਮੁਖੀ ਸੇਵਾ ਮੁਕਤ ਹੋਏ।ਇਸ ਦੌਰਾਨ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਢਲਾਡਾ ਹਲਕੇ ਤੋਂ ਕਾਮਰੇਡ ਅਰਸ਼ੀ ਵਿਧਾਇਕ ਚੁਣੇ ਗਏ, ਮਾਸਟਰ ਜੀ ਨੇ ਉਨ੍ਹਾਂ ਦੀ ਸੱਜੀ ਬਾਂਹ ਬਣਕੇ ਹਲਕੇ ਤੇ ਪਾਰਟੀ ਦੀ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ।ਮੰਦਰਾਂ ਨੇ ਲੰਮਾ ਸਮਾਂ ਬੁਢਲਾਡਾ ਤਹਿਸੀਲ ਦੇ ਪਾਰਟੀ ਸਕੱਤਰ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ ਤੇ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਵੀ ਰਹੇ ਤੇ ਪਟਨਾ ਪਾਰਟੀ ਕਾਂਗਰਸ ਵਿੱਚ ਬਤੌਰ ਡੈਲੀਗੇਟ ਸ਼ਾਮਲ ਹੋਏ।ਅਪ੍ਰੈਲ 2012 ਵਿੱਚ ਅਚਾਨਕ ਸਦੀਵੀ ਵਿਛੋੜਾ ਦੇ ਗਏ।ਪਾਰਟੀ ਦੇ ਸੀਨੀਅਰ ਆਗੂ ਕਾ. ਹਰਦੇਵ ਸਿੰਘ ਅਰਸ਼ੀ ਨਾਲ ਮਾਸਟਰ ਜੀ ਦੇ ਨੇੜਲੇ ਪਰਿਵਾਰਕ ਸੰਬੰਧ ਹਨ। ਜਦੋਂ ਸਾਥੀ ਅਰਸ਼ੀ ਨੇ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਵਿੱਚ ਮਾਲੀ ਯੋਗਦਾਨ ਪਾਉਣ ਦੀ ਅਪੀਲ ਕੀਤੀ ਉਨ੍ਹਾਂ ਦੀ ਜੀਵਨ ਸਾਥਣ ਮਾਤਾ ਅਜੀਤ ਕੌਰ ਤੇ ਨੂੰਹ ਰਾਣੀ ਬੀਬਾ ਗੁਰਬਿੰਦਰ ਕੌਰ ਨੇ ਪਹਿਲੀ ਕਿਸ਼ਤ ਵਜੋਂ ਪੰਜਾਹ ਹਜ਼ਾਰ ਦਾ ਚੈੱਕ ਉਨ੍ਹਾਂ ਦੇ ਸਪੁਰਦ ਕੀਤਾ।ਇਸ ਮੌਕੇ ਕਾ. ਅਰਸ਼ੀ ਨੇ ਪਰਵਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਰਵਾਰ ਵੱਲੋਂ ਪਾਰਟੀ ਹਰ ਪੱਖੋਂ ਹਰ ਸਮੇਂ ਸਹਿਯੋਗ ਕੀਤਾ ਜਾਂਦਾ ਹੈ।ਜਿਸ ਕਾਰਨ ਪਾਰਟੀ ਕਾਂਗਰਸ ਚੰਡੀਗੜ੍ਹ ਬਿਹਤਰੀ ਢੰਗ ਨਾਲ ਨੇਪਰੇ ਚੜ੍ਹੇਗੀ।ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾਂ ਵੀ ਮੌਜੂਦ ਸਨ।





