ਜਲੰਧਰ ਨਗਰ ਨਿਗਮ ਅਧਿਕਾਰੀ ਨਾਲ ਮਿਲ ਕੇ ਨੋਟ ਵੱਢਣ ਦਾ ਦੋਸ਼
ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ (54) ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਕੁਰੱਪਸ਼ਨ ਦੇ ਦੋਸ਼ ਹੇਠ ਗਿ੍ਰਫਤਾਰ ਕਰ ਲਿਆ। ਇਹ ਗਿ੍ਰਫਤਾਰੀ ਨਗਰ ਨਿਗਮ ਜਲੰਧਰ ਦੇ ਅਸਿਸਟੈਂਟ ਟਾਊਨ ਪਲੈਨਰ (ਏ ਟੀ ਪੀ) ਸੁਖਦੇਵ ਵਿਸ਼ਿਸ਼ਟ ਦੀ ਪਿਛਲੇ ਹਫਤੇ ਗਿ੍ਰਫਤਾਰੀ ਤੋਂ ਬਾਅਦ ਹੋਈ। ਦੋਸ਼ ਹੈ ਕਿ ਅਰੋੜਾ ਲੋਕਾਂ ਨੂੰ ਨਗਰ ਨਿਗਮ ਅਧਿਕਾਰੀ ਤੋਂ ਬੋਗਸ ਨੋਟਿਸ ਭਿਜਵਾਉਦਾ ਸੀ ਤੇ ਫਿਰ ਲੈ-ਦੇ ਕਰਕੇ ਮਾਮਲੇ ਰਫਾ-ਦਫਾ ਕਰਾਉਦਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਸਵੇਰੇ ਅਰੋੜਾ ਦੇ ਘਰ ਛਾਪਾ ਮਾਰਿਆ ਤੇ 8 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸਨੂੰ ਗਿ੍ਰਫਤਾਰ ਕਰ ਲਿਆ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ 30 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਸੰਬੰਧ ਵਿੱਚ 14 ਮਈ ਨੂੰ ਫੜੇ ਵਸ਼ਿਸ਼ਟ ਤੋਂ ਪੁੱਛਗਿੱਛ ਦੌਰਾਨ ਅਰੋੜਾ ਦਾ ਨਾਂ ਸਾਹਮਣੇ ਆਇਆ ਸੀ। ਵਸ਼ਿਸ਼ਟ ਨੂੰ ਅਰੋੜਾ ਦੀ ਸਰਪ੍ਰਸਤੀ ਹਾਸਲ ਸੀ। ਉਹ ਡੇਢ ਸਾਲ ਤੋਂ ਜਲੰਧਰ ਸੈਂਟਰਲ ਜ਼ੋਨ ਵਿੱਚ ਤਾਇਨਾਤ ਸੀ। ਇਸਤੋਂ ਪਹਿਲਾਂ ਚਾਰ ਸਾਲ ਜਲੰਧਰ ਵੈਸਟ ਜ਼ੋਨ ਵਿੱਚ ਵੀ ਰਿਹਾ। ਕਾਲੋਨਾਈਜ਼ਰਾਂ ਤੇ ਕਮਰਸ਼ੀਅਲ ਯੂਨਟਾਂ ਦੇ ਮਾਲਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਵਸ਼ਿਸ਼ਟ ਫਾਈਲਾਂ ਮਨਜ਼ੂਰ ਨਹੀਂ ਕਰਦਾ ਤੇ ਰਿਸ਼ਵਤ ਮੰਗਦਾ ਹੈ। ਰਿਸ਼ਵਤ ਨਾ ਦੇਣ ’ਤੇ ਬਿਲਡਿੰਗਾਂ ਸੀਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਪੁੱਛਗਿੱਛ ਦੌਰਾਨ ਵਸ਼ਿਸ਼ਟ ਨੇ ਮੰਨਿਆ ਕਿ ਉਸਨੇ ਅਪ੍ਰੈਲ 2022 ਤੋਂ ਮਾਰਚ 2025 ਤੱਕ 350 ਨੋਟਿਸ ਜਾਰੀ ਕੀਤੇ। ਵਿਜੀਲੈਂਸ ਪਿਛਲੇ ਦੋ ਸਾਲਾਂ ਵਿੱਚ ਜਲੰਧਰ ਸੈਂਟਰਲ ਤੇ ਜਲੰਧਰ ਵੈਸਟ ਜ਼ੋਨਾਂ ਵਿੱਚ ਚੇਂਜ ਆਫ ਲੈਂਡ ਯੂਜ਼ ਦੀ ਪ੍ਰਵਾਨਗੀ ਦੇਣ, ਕਮਰਸ਼ੀਅਲ ਤੇ ਰਿਹਾਇਸ਼ੀ ਯੂਨਟਾਂ ਨੂੰ ਬਕਾਏ ਦੇਣ ਦੇ ਨੋਟਿਸ ਜਾਰੀ ਕਰਨ ਅਤੇ ਕਮਰਸ਼ੀਅਲ ਹੱਬਾਂ ਦੇ ਵਿਕਾਸ ਦੀ ਮਨਜ਼ੂਰੀ ਬਾਰੇ ਫਾਈਲਾਂ ਕਬਜ਼ੇ ਵਿੱਚ ਲੈ ਕੇ ਜਾਂਚ ਕਰ ਰਹੀ ਹੈ।
ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਕਿ ਆਪਣਾ ਹੋਵੇ ਜਾਂ ਕੋਈ ਹੋਰ, ਭਿ੍ਰਸ਼ਟਾਚਾਰ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਨਹੀਂ ਸਗੋਂ ਕੁਰੱਪਟ ਸਿਸਟਮ ਖਿਲਾਫ ਹੈ। ਜਿਹੜਾ ਵੀ ਕੁਰੱਪਸ਼ਨ ਕਰੇਗਾ, ਬਖਸ਼ਿਆ ਨਹੀਂ ਜਾਵੇਗਾ।
ਇਸਤੋਂ ਪਹਿਲਾਂ 24 ਮਈ 2022 ਵਿੱਚ ਵੇਲੇ ਦੇ ਸਿਹਤ ਮੰਤਰੀ ਤੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਅਤੇ 23 ਫਰਵਰੀ 2023 ਨੂੰ ਬਠਿੰਡਾ ਦਿਹਾਤੀ ਦੇ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਕੁਰੱਪਸ਼ਨ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਸੀ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਅਰੋੜਾ ਦੀ ਗਿ੍ਰਫਤਾਰੀ ਵਿਜੇ ਸਿੰਗਲਾ ਤੇ ਕੋਟਫੱਤਾ ਦੀ ਗਿ੍ਰਫਤਾਰੀ ਵਾਂਗ ਅੱਖਾਂ ਪੂੰਝਣ ਵਾਲੀ ਹੈ। ਜੇ ਸਹੀ ਜਾਂਚ ਕਰਵਾਈ ਜਾਵੇ ਤਾਂ ਅੰਮਿ੍ਰਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਬਾਕੀ ਕੁਰੱਪਟ ਹੀ ਨਿਕਲਣਗੇ।