ਘਾਤਕ ਨੀਤੀ

0
37

ਸਾਹਿਬ ਬਹਾਦਰ ਦੇ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਦੇ ਫੈਸਲੇ ਤੇ ਚਾਰ ਦਿਨਾਂ ਬਾਅਦ ਲੜਾਈਬੰਦੀ ਲਈ ਮੰਨ ਜਾਣ ’ਤੇ ਕਿਸੇ ਦੇਸ਼ ਵਾਸੀ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ, ਇਸ ਲਈ ਹਰੇਕ ਰਾਜ ਵਿੱਚ ਭਾਜਪਾ ਤਿਰੰਗਾ ਯਾਤਰਾ ਕਰਕੇ ਖੂਬ ਪਸੀਨਾ ਵਹਾ ਰਹੀ ਹੈ। ਭਲੇ ਹੀ ਕੁਝ ਹੱਥ ਨਾ ਆਏ ਪਰ ਹਵਾ ਅਜਿਹੀ ਬਣਾ ਦਿਓ ਕਿ ਖਾਲੀ ਪੇਟ ਤੜਫਦੇ ਆਦਮੀ ਦਾ ਸੀਨਾ ਮਾਣ ਨਾਲ ਫੁੱਲ ਜਾਵੇ। ਵੀਰਵਾਰ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਧਰਤੀ ’ਤੇ ਜਿਹੜੀ ਦਹਾੜ ਮਾਰੀ, ਉਸ ਨੂੰ ਵੀ ਗੋਦੀ ਮੀਡੀਆ ਵਿੱਚ ਕਈ ਹਫਤਿਆਂ ਤੱਕ ਦੇਖ ਕੇ ਉਨ੍ਹਾਂ ਦੇ ਭਗਤ ਚਹਿਕਦੇ ਰਹਿ ਸਕਦੇ ਹਨ। ਮੋਦੀ ਨੇ ਅਪ੍ਰੇਸ਼ਨ ਸਿੰਧੂਰ ਕਰਨ ਵਾਲੀ ਫੌਜ ਦੀ ਬਹਾਦਰੀ ਨੂੰ ਆਪਣੇ ਨਾਂਅ ਨਾਲ ਭੁਨਾਉਣਾ ਸ਼ੁਰੂ ਕਰ ਦਿੱਤਾ ਹੈ। ਸਿੰਧੂਰ ਦੀ ਮਹਿਮਾ ਦੱਸਦਿਆਂ ਉਨ੍ਹਾ ਇੱਥੋਂ ਤੱਕ ਕਹਿ ਦਿੱਤਾ ਕਿ ਮੋਦੀ ਦੀਆਂ ਨਸਾਂ ’ਚ ਲਹੂ ਨਹੀਂ, ਗਰਮ ਸਿੰਧੂਰ ਵਹਿ ਰਿਹਾ ਹੈ। ਇਹ ਡਾਇਲਾਗ ਵੀ ਬੋਲਿਆ ‘ਪਹਲੇ ਘਰ ਮੇਂ ਘੁਸ ਕਰ ਕੀਆ ਥਾ ਵਾਰ, ਅਬ ਸੀਧਾ ਸੀਨੇ ਪਰ ਕੀਆ ਪ੍ਰਹਾਰ। ਨਯਾ ਭਾਰਤ ਯਹੀ ਹੈ’।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ਨੂੰ ਮੋਦੀ ਨੇ ਆਪਣੇ ਨਾਂਅ ਨਾਲ ਜੋੜ ਕੇ ਚੋਣਾਂ ਵਿੱਚ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ ਦੇ ਹਮਲੇ ਨਾਲ ਉਹ ਬਿਹਾਰ ਅਸੈਂਬਲੀ ਚੋਣਾਂ ’ਚ ਫਾਇਦਾ ਲੈਣ ਲਈ ਸਰਗਰਮ ਹੋ ਗਏ ਹਨ। ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਘਟਨਾ ’ਤੇ ਦੇਸ਼ ਦੇ ਗੁੱਸੇ ਦਾ ਇਸਤੇਮਾਲ ਕਰਕੇ ਕੁਝ ਅਜਿਹਾ ਕਰ ਦਿੱਤਾ ਜਾਵੇ ਕਿ ਦੇਸ਼ ਨੂੰ ਲੱਗੇ ਕਿ ਅਗਲੇ ਨੂੰ ਮਜ਼ਾ ਚਖਾ ਦਿੱਤਾ ਹੈ ਤੇ ਲੋਕ ਝੋਲੀਆਂ ਭਰ ਕੇ ਵੋਟਾਂ ਪਾ ਦੇਣ। ਕਿਸੇ ਵੀ ਤਾਕਤਵਰ ਦੇਸ਼ ਦੀ ਪਹਿਲੀ ਤਰਜੀਹ ਇਹ ਹੁੰਦੀ ਹੈ ਕਿ ਉਹ ਖੁਦ ਨੂੰ ਏਨਾ ਤਾਕਤਵਰ ਬਣਾ ਸਕੇ ਕਿ ਅਗਲੀ ਵਾਰ ਕੋਈ ਅੱਖ ਚੁੱਕਣ ਦੀ ਹਿਮਾਕਤ ਨਾ ਕਰ ਸਕੇ। ਇਸ ਦੇ ਨਾਲ ਹੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਨ ਵਾਲੇ ਅਪਰਾਧੀਆਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਹੀ ਨਾ ਪਹੁੰਚਾਇਆ ਜਾਵੇ, ਸਗੋਂ ਉਸ ਦੇਸ਼ ਨੂੰ ਵਿਸ਼ਵ ਮੰਚ ’ਤੇ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤਾ ਜਾਵੇ। ਮੁੰਬਈ ਹਮਲੇ ਦੇ ਬਾਅਦ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਨਿਆ ਸੀ ਕਿ ਉਨ੍ਹਾ ’ਤੇ ਪਾਕਿਸਤਾਨ ਖਿਲਾਫ ਜਵਾਬੀ ਹਮਲੇ ਲਈ ਭਾਰੀ ਦਬਾਅ ਸੀ, ਪਰ ਉਨ੍ਹਾ ਚੋਣ ਲਾਭ ਦੀ ਥਾਂ ਪਾਕਿਸਤਾਨ ਨੂੰ ਵਿਸ਼ਵ ਮੰਚ ’ਤੇ ਬੇਨਕਾਬ ਕਰਨ ਨੂੰ ਤਰਜੀਹ ਦਿੱਤੀ ਅਤੇ ਭਾਰਤ ਕਾਫੀ ਹੱਦ ਤੱਕ ਇਸ ਵਿੱਚ ਸਫਲ ਵੀ ਰਿਹਾ। ਅੱਜ ਸਥਿਤੀ ਉਲਟ ਚੁੱਕੀ ਹੈ ਕਿਉਕਿ ਭਾਰਤ ਸਰਕਾਰ ਹੁਣ ਅਜਿਹੀ ਜਵਾਬੀ ਕਾਰਵਾਈ ਨੂੰ ਨਿਊ ਨਾਰਮਲ ਦੱਸ ਰਹੀ ਹੈ। ਹੁਣ ਜਦ ਪ੍ਰਧਾਨ ਮੰਤਰੀ ਖੁੱਲ੍ਹੇਆਮ ਇਸ ਨਿਊ ਨਾਰਮਲ ਨੂੰ ਦੁਹਰਾ ਰਹੇ ਤਾਂ ਪਾਕਿਸਤਾਨ ਦੇ ਹਾਕਮਾਂ ਲਈ ਆਪਣੇ ਦੇਸ਼ ਤੇ ਲੋਕਾਂ ਦੀ ਰਾਖੀ ਦੇ ਨਾਂਅ ’ਤੇ ਹਥਿਆਰਾਂ ਦੀ ਨਵੀਂ ਖੇਪ ਹਾਸਲ ਕਰਨੀ ਆਸਾਨ ਹੋ ਜਾਂਦੀ ਹੈ। ਪਿਛਲੇ ਕੁਝ ਦਿਨ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਚੀਨ ਵਿੱਚ ਮੌਜੂਦਗੀ ਅਤੇ ਉੱਥੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨਾਲ ਤਿੰਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਤਸਵੀਰ ਸਾਰੀ ਦੁਨੀਆ ਨੇ ਦੇਖ ਲਈ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੁਝ ਦਿਨ ਪਹਿਲਾਂ ਤੱਕ ਜਿਹੜੇ ਤਾਲਿਬਾਨ ਹਾਕਮਾਂ ਤੋਂ ਭਾਰਤ ਦੇ ਹੱਕ ਵਿੱਚ ਸਮਰਥਨ ਜੁਟਾਇਆ ਸੀ, ਉਹ ਹੁਣ ਚੀਨ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਕਿਹੋ ਜਿਹਾ ਵਿਸ਼ਵ ਗੁਰੂ ਬਣਾ ਦਿੱਤਾ ਹੈ ਕਿ ਇੱਕ ਵੀ ਗੁਆਂਢੀ ਦੇਸ਼, ਬਿ੍ਰਕਸ, ਜੀ-7 ਜਾਂ ਜੀ-20 ਗਰੁੱਪਾਂ ਦਾ ਮੈਂਬਰ ਭਾਰਤ ਨਾਲ ਖੜ੍ਹਾ ਨਜ਼ਰ ਨਹੀਂ ਆ ਰਿਹਾ। ਦਹਿਸ਼ਤਗਰਦੀ ਦਾ ਦੂਜਾ ਨਾਂਅ ਬਣ ਚੁੱਕੇ ਪਾਕਿਸਤਾਨ ਨੂੰ ਮੋਦੀ ਦਾ ਮਿੱਤਰ ਟਰੰਪ ਭਾਰਤ ਦੇ ਬਰਾਬਰ ਤੋਲ ਰਿਹਾ ਹੈ। ਇਸ ਪੂਰੀ ਕਵਾਇਦ ਵਿੱਚ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਕਤਲੇਆਮ ਵਿੱਚ ਇੰਟੈਲੀਜੈਂਸ ਦੀ ਚੂਕ, ਸੁਰੱਖਿਆ ਵਿਵਸਥਾ ਵਿੱਚ ਭਾਰੀ ਚੂਕ ਦਾ ਮਾਮਲਾ ਤਾਂ ਗੁੰਮ ਹੀ ਹੋ ਗਿਆ ਹੈ। ਭਲੇ ਹੀ ਸਾਡੀ ਫੌਜ ਦੀ ਬਹਾਦਰੀ ਦਾ ਬਖਾਨ ਕਰਕੇ ਕੋਈ ਪਾਰਟੀ ਆਪਣੇ ਲਈ ਵੋਟਾਂ ਦੀ ਫਸਲ ਕੱਟਣ ਦਾ ਪ੍ਰਬੰਧ ਕਰ ਲਵੇ ਪਰ ਰਣਨੀਤਕ ਦਿ੍ਰਸ਼ਟੀ ਤੋਂ ਭਾਰਤ ਨੂੰ ਵਿਸ਼ਵ ਮੰਚ ’ਤੇ ਅਲੱਗ-ਥਲੱਗ ਕਰ ਦੇਣ ਵਾਲੀ ਇਹ ਕੂਟਨੀਤਕ-ਫੌਜੀ ਰਣਨੀਤੀ ਬੇਹੱਦ ਘਾਤਕ ਸਾਬਤ ਹੋ ਸਕਦੀ ਹੈ।