ਨਿੱਕੇ ਵੰਸ਼ ਨੇ ਚਲਾਏ ਵੰਸ਼

0
37

ਲਹਿਰਾਗਾਗਾ : ਪਿਛਲੇ ਦਿਨੀਂ ਜਹਾਨੋਂ ਤੁਰ ਗਿਆ 11 ਮਹੀਨਿਆਂ ਦਾ ਵੰਸ਼ ਕਈ ਘਰਾਂ ਦੇ ਚਿਰਾਗਾਂ ਨੂੰ ਰੌਸ਼ਨ ਕਰ ਗਿਆ। ਵੰਸ਼ ਦੇ ਦੋਵੇਂ ਗੁਰਦੇ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਨ ਕਰ ਦਿੱਤੇ ਗਏ, ਜਿੱਥੇ ਡਾਕਟਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਉਹ ਅੰਗ ਲਾ ਵੀ ਦਿੱਤੇ। ਇੱਥੇ ਹੀ ਬਸ ਨਹੀਂ ਵੰਸ਼ ਦੇ ਪਰਵਾਰਕ ਮੈਂਬਰਾਂ ਨੇ ਹੋਰ ਵੱਡੀ ਹਿੰਮਤ ਦਿਖਾਉਂਦਿਆਂ ਨਿੱਕੜੇ ਵੰਸ਼ ਦਾ ਪੂਰਾ ਸਰੀਰ ਹੀ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਫੈਸਲਾ ਲੈ ਲਿਆ। ਪੀ ਜੀ ਆਈ ਦੀ ਡਾਕਟਰ ਮੈਡਮ ਪਾਰੁਲ ਨੇ ਦੱਸਿਆ ਕਿ ਵੰਸ਼ ਦੇ ਮਾਤਾ-ਪਿਤਾ ਵੱਲੋਂ ਬਹੁਤ ਵੱਡਾ ਜੇਰਾ ਦਿਖਾਉਂਦਿਆਂ ਉਸ ਦੇ ਅੰਗ ਦਾਨ ਕਰਨ ਦੀ ਸਹਿਮਤੀ ਇੱਕ ਮਿੰਟ ਵਿੱਚ ਹੀ ਦੇ ਦਿੱਤੀ ਗਈ। ਉਨ੍ਹਾ ਕਿਹਾ ਕਿ ਸਮਾਜ ਵਿੱਚ ਅਜਿਹੇ ਮਾਪੇ ਵਿਰਲੇ ਹੀ ਹੁੰਦੇ ਹਨ, ਜੋ ਆਪਣੇ ਜਾਨ ਤੋਂ ਪਿਆਰੇ ਨੰਨ੍ਹੇ ਬੱਚੇ ਲਈ ਏਡਾ ਵੱਡਾ ਫੈਸਲਾ ਲੈ ਸਕਣ। ਉਨ੍ਹਾ ਦੱਸਿਆ ਕਿ ਵੰਸ਼ ਏਨੀ ਛੋਟੀ ਉਮਰ ਵਿੱਚ ਸਭ ਤੋਂ ਵੱਡਾ ਕੰਮ ਕਰ ਗਿਆ ਹੈ, ਜਿਸ ਸਦਕਾ ਕਈ ਬੱਚਿਆਂ ਨੂੰ ਜ਼ਿੰਦਗੀ ਦੀ ਨਵੀਂ ਉਮੀਦ ਮਿਲੇਗੀ।
ਉਨ੍ਹਾ ਕਿਹਾ ਕਿ ਅੰਗ ਫੇਲ੍ਹ ਹੋਣ ਤੋਂ ਬਾਅਦ ਮਰੀਜ਼ ਲਈ ਨਵੀਂ ਜ਼ਿੰਦਗੀ ਹਾਸਲ ਕਰਨ ਲਈ ਸਿਰਫ ਅੰਗਾਂ ਦੇ ਟਰਾਂਸਪਲਾਂਟ ਦਾ ਹੀ ਰਸਤਾ ਹੁੰਦਾ ਹੈ, ਪਰ ਟਰਾਂਸਪਲਾਂਟ ਤਾਂ ਹੀ ਮੁਮਕਿਨ ਹੁੰਦਾ ਹੈ, ਜੇ ਕੋਈ ਆਪਣੇ ਅੰਗਾਂ ਨੂੰ ਦਾਨ ਕਰੇ।
ਵੰਸ਼ ਦੇ ਪਿਤਾ ਟੋਨੀ ਬਾਂਸਲ ਨੇ ਦੱਸਿਆ ਕਿ 27 ਜੂਨ 2024 ਨੂੰ ਉਨ੍ਹਾ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਲਗਭਗ 11 ਮਹੀਨੇ ਦੇ ਵੰਸ਼ ਨੂੰ ਜਦੋਂ 16 ਮਈ ਦੀ ਸਵੇਰੇ 9 ਵਜੇ ਤਿਆਰ ਕਰਦੇ ਹੋਏ ਉਸ ਦੀ ਮਾਤਾ ਨੇ ਬੈੱਡ ’ਤੇ ਬਿਠਾਇਆ ਤਾਂ ਉਹ ਅਚਾਨਕ ਹੇਠਾਂ ਉਤਰਨ ਦੀ ਕੋਸ਼ਿਸ਼ ਵਿੱਚ ਸਿਰ ਦੇ ਭਾਰ ਡਿੱਗ ਗਿਆ। ਇਸ ਕਾਰਨ ਉਸ ਨੂੰ ਸੰਗਰੂਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਇਲਾਜ ਲਈ ਲਿਆਂਦਾ ਗਿਆ। ਉਸ ਦਾ ਬ੍ਰੇਨ ਡੈੱਡ ਹੋ ਗਿਆ ਸੀ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਟੋਨੀ ਬਾਂਸਲ ਨੇ ਇਸ ਬਾਰੇ ਤੁਰੰਤ ਆਪਣੀ ਪਤਨੀ ਪ੍ਰੇਮ ਲਤਾ ਅਤੇ ਬਾਕੀ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਪਰਵਾਰਕ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਵੱਲੋਂ ਦੱਸੇ ਗਏ ਨਕਸ਼ੇ ਕਦਮ ’ਤੇ ਚੱਲਣ ਵਾਲੇ ਹਨ ਤੇ ਉਨ੍ਹਾਂ ਨੂੰ ਇਹੋ ਸਿੱਖਿਆ ਦਿੱਤੀ ਗਈ ਹੈ ਕਿ ਸਰੀਰ ਦੇ ਅੰਗ ਦਾਨ ਕਰਨ ਦੇ ਨਾਲ-ਨਾਲ ਸਰੀਰ ਦਾਨ ਵੀ ਕੀਤਾ ਜਾਵੇ।