ਮੰਦਸੌਰ : ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਇੱਕ ਆਗੂ ਦੀ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ, ਹਾਲਾਂਕਿ ਭਾਜਪਾ ਨੇ ਕਿਹਾ ਹੈ ਕਿ ਉਕਤ ਵਿਅਕਤੀ ਸੱਤਾਧਾਰੀ ਪਾਰਟੀ ਨਾਲ ਸਿੱਧੇ ਤੌਰ ’ਤੇ ਨਹੀਂ ਜੁੜਿਆ ਹੋਇਆ। ਇਸ ਵਿਅਕਤੀ ਦੀ ਪਛਾਣ ਮਨੋਹਰ ਲਾਲ ਧਾਕੜ ਵਜੋਂ ਹੋਈ ਹੈ, ਜੋ ਕਿ ਉਜੈਨ ਵਿੱਚ ਰਜਿਸਟਰਡ ਧਾਕੜ ਮਹਾਂ ਸਭਾ ਦਾ ਕੌਮੀ ਸਕੱਤਰ ਹੈ।
ਉਧਰ, ਮਹਾਂ ਸਭਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ ਵਿਅਕਤੀ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਧਾਕੜ ਦੀ ਪਤਨੀ ਭਾਜਪਾ ਸਮਰਥਤ ਜ਼ਿਲ੍ਹਾ ਪੰਚਾਇਤ ਮੈਂਬਰ ਹੈ ਅਤੇ ਮੰਦਸੌਰ ਜ਼ਿਲ੍ਹਾ ਪੰਚਾਇਤ ਦੇ ਵਾਰਡ ਨੰਬਰ 8 ਦੀ ਨੁਮਾਇੰਦਗੀ ਕਰ ਰਹੀ ਹੈ। ਵਾਇਰਲ ਹੋ ਰਹੀ ਇਹ ਵੀਡੀਓ ਦਿੱਲੀ-ਮੁੰਬਈ ਐੱਕਸਪ੍ਰੈੱਸਵੇ ਦੀ ਦੱਸੀ ਜਾ ਰਹੀ ਹੈ ਅਤੇ ਕਥਿਤ ਤੌਰ ’ਤੇ 13 ਮਈ ਦੀ ਹੈ। ਟਰਾਂਸਪੋਰਟ ਵਿਭਾਗ ਦੇ ਰਿਕਾਰਡ ਅਨੁਸਾਰ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਚਿੱਟੀ ਕਾਰ ਮਨੋਹਰ ਲਾਲ ਧਾਕੜ ਦੇ ਨਾਂਅ ’ਤੇ ਰਜਿਸਟਰਡ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਕਸਪ੍ਰੈੱਸਵੇ ’ਤੇ ਇੱਕ ਚਿੱਟੇ ਰੰਗ ਦੀ ਬਲੀਨੋ ਕਾਰ ਖੜ੍ਹੀ ਹੈ ਅਤੇ ਇੱਕ ਵਿਅਕਤੀ ਇੱਕ ਔਰਤ ਨਾਲ ਅਸ਼ਲੀਲ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਇਹ ਸਾਰੀ ਘਟਨਾ ਐਕਸਪ੍ਰੈੱਸਵੇ ’ਤੇ ਲੱਗੇ ਹਾਈ ਸੁਰੱਖਿਆ ਕੈਮਰੇ ਵਿੱਚ ਰਿਕਾਰਡ ਹੋਈ ਹੈ।
ਇਸ ਮਾਮਲੇ ਸੰਬੰਧੀ ਟਿੱਪਣੀ ਲੈਣ ਲਈ ਧਾਕੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਗੱਲ ਨਹੀਂ ਹੋ ਸਕੀ। ਮੰਦਸੌਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਦੀਕਸ਼ਿਤ ਨੇ ਕਿਹਾ, ‘ਧਾਕੜ ਪਿੰਡ ਬਾਨੀ ਤੋਂ ਹੈ, ਪਰ ਉਹ ਭਾਜਪਾ ਦਾ ਮੁੱਢਲਾ ਮੈਂਬਰ ਨਹੀਂ। ਉਸ ਦੀ ਪਤਨੀ ਸੋਹਨ ਬਾਈ ਜ਼ਿਲ੍ਹਾ ਪੰਚਾਇਤ ਦੀ ਮੈਂਬਰ ਹੈ। ਇਹ ਪਤਾ ਨਹੀਂ ਕਿ ਮਨੋਹਰ ਲਾਲ ਆਨਲਾਈਨ ਵਿਧੀ ਰਾਹੀਂ ਪਾਰਟੀ ਦਾ ਮੈਂਬਰ ਬਣਿਆ ਹੈ ਜਾਂ ਨਹੀਂ।’


