ਦੇਸ਼ ਭਗਤਾਂ ਨੇ ਜਨਮ ਦਿਹਾੜਾ ਸਮਾਗਮ ’ਤੇ ਦਿੱਤਾ ਸੁਨੇਹਾ : ਸਮੇਂ ਨੂੰ ਸਰਾਭਿਆਂ ਦੀ ਲੋੜ…

0
31

ਜਲੰਧਰ (ਗਿਆਨ ਸੈਦਪੁਰੀ)
ਆਜ਼ਾਦੀ ਜੱਦੋ-ਜਹਿਦ ਦੇ ਇਨਕਲਾਬੀ ਵਰਕੇ ਗਦਰ ਪਾਰਟੀ ਇਤਿਹਾਸ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 129ਵੇਂ ਜਨਮ ਦਿਹਾੜੇ (24 ਮਈ 1896- 24 ਮਈ 2025) ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗਦਰ ਇਤਿਹਾਸ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪ੍ਰੇਰਨਾਦਾਇਕ ਭੂਮਿਕਾ, ਅਜੋਕੇ ਹਾਲਾਤ ਅਤੇ ਸਾਡੇ ਬਣਦੇ ਫਰਜ਼ ਵਿਸ਼ਿਆਂ ਉਪਰ ਕੇਂਦਰਤ ਰਹੀ ਸ਼ਨੀਵਾਰ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਵਿਚਾਰ-ਚਰਚਾ।
ਵਿਚਾਰ-ਚਰਚਾ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀ ਮੇਘਾ ਵੱਲੋਂ ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀ ਜੀਵਨ, ਮਈ ਮਹੀਨੇ ਦੀਆਂ ਇਤਿਹਾਸਿਕ ਘਟਨਾਵਾਂ ਅਤੇ ਨਾਇਕਾਂ ਦੀਆਂ ਸੰਗਰਾਮੀ ਪੈੜਾਂ ਤੋਂ ਪ੍ਰੇਰਨਾ ਲੈਣ ਦੇ ਸ਼ਬਦਾਂ ਨਾਲ ਹੋਇਆ।ਉਹਨਾ ਮਈ ਦਿਵਸ ਦੇ ਸ਼ਹੀਦਾਂ, ਕਾਰਲ ਮਾਰਕਸ ਦੇ ਜਨਮ ਦਿਹਾੜੇ, ਗੁਰਚਰਨ ਸਿੰਘ ਸਹਿੰਸਰਾ, ਗ਼ਦਰੀ ਜਵਾਲਾ ਸਿੰਘ ਠੱਠੀਆਂ ਦੇ ਵਿਛੋੜੇ, 1857 ਦੇ ਗ਼ਦਰ, ਅਵਧ ਬਿਹਾਰੀ, ਪ੍ਰੇਮ ਸਿੰਘ ਸੁਰ ਸਿੰਘ, ਇੰਦਰ ਸਿੰਘ ਪੱਧਰੀ ਦੇ ਜਨਮ ਦਿਹਾੜੇ ਅਤੇ ਭਾਈ ਸੰਤੋਖ ਸਿੰਘ ਦੇ ਜੀਵਨ ਸੰਗਰਾਮ ਨੂੰ ਸਲਾਮ ਕਰਦਿਆਂ ਉਹਨਾਂ ਤੋਂ ਸਬਕ ਲੈਣ ’ਤੇ ਜ਼ੋਰ ਦਿੱਤਾ ।ਉਹਨਾਂ ਕਿਹਾ ਕਿ ਸਾਨੂੰ ਅਜਿਹੀਆਂ ਸ਼ਖਸੀਅਤਾਂ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਫਰਜ਼ਾਂ ਦੀ ਪਹਿਚਾਣ ਕਰਨ ਲਈ ਮਨ ਦੇ ਦਰਵਾਜ਼ੇ ਖੋਲ੍ਹ ਕੇ ਤੁਰਨ ਦੀ ਲੋੜ ਹੈ ।
ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਡਾ ਵਿਅਕਤੀਗਤ, ਪਰਿਵਾਰਕ ਜੀਵਨ, ਸਮਾਜਿਕ ਜੀਵਨ ਦਾ ਹੀ ਅਟੁੱਟ ਅੰਗ ਹੈ, ਸਾਨੂੰ ਆਪਣੇ ਚੌਗਿਰਦੇ ਦਾ ਅਧਿਐਨ ਕਰਦਿਆਂ ਆਪਣੇ ਖੂਬਸੂਰਤ ਨਿਜ਼ਾਮ ਦੀ ਸਿਰਜਣਾ ਲਈ ਸੰਜੀਦਗੀ ਨਾਲ ਆਪਣੀ ਵਿਰਾਸਤ ਨਾਲ ਜੁੜਨ ਅਤੇ ਸਾਡੇ ਚੌਗਿਰਦੇ ਅਤੇ ਆਲਮੀ ਪੱਧਰ ’ਤੇ ਤਿੱਖੇ ਹੋ ਰਹੇ ਸਵਾਲਾਂ ਨੂੰ ਮੁਖ਼ਾਤਿਬ ਹੋਣ ਦੀ ਲੋੜ ਹੈ ।
ਕਮੇਟੀ ਮੈਂਬਰ ਗੁਰਮੀਤ ਨੇ ਕਿਹਾ ਕਿ ਚੜ੍ਹਦੀ ਜਵਾਨੀ ਤੋਂ ਲੈ ਕੇ ਜੀਵਨ ਭਰ ਆਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਸਾਂਝੀਵਾਲਤਾ ਦੇ ਨਿਜ਼ਾਮ ਨੂੰ ਸਮਰਪਿਤ ਰਹੇ ਗ਼ਦਰੀ ਦੇਸ਼ ਭਗਤ। ਉਹਨਾ ਕਿਹਾ ਕਿ ਵੀਹ-ਵੀਹ ਸਾਲ ਜੇਲ੍ਹਾਂ ਕੱਟ ਕੇ ਜਦੋਂ ਉਹ ਬਾਹਰ ਆਏ ਤਾਂ ਉਹ ਮੁੱਛ-ਫੁੱਟ ਗੱਭਰੂਆਂ ਤੋਂ ਬਾਬੇ ਬਣੇ ਹੋਏ ਸਨ, ਜਿਸ ਕਰਕੇ ਉਹਨਾਂ ਨੂੰ ਮੁਸੱਕਤਾ ਨਾਲ਼ ਗ਼ਦਰੀ ਬਾਬੇ ਅਖਵਾਉਣ ਦਾ ਮਾਣਮੱਤਾ ਰੁਤਬਾ ਹਾਸਲ ਹੋਇਆ ਹੈ।ਕਮੇਟੀ ਮੈਂਬਰ ਸੁਰਿੰਦਰ ਕੁਮਾਰ ਕੋਛੜ ਨੇ ਕਿਹਾ ਕਿ ਆਜ਼ਾਦੀ ਦੀ ਜੱਦੋ-ਜਹਿਦ ਦੇ ਚੌਮੁਖੀਏ ਚਿਰਾਗ਼ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਚੇਤਨਾ ਦੀ ਰੌਸ਼ਨੀ ਵੰਡਦਾ ਜੀਵਨ ਅੱਜ ਦੀ ਜਵਾਨੀ ਤੋਂ ਕੁਝ ਆਸ ਕਰਦਾ ਹੈ। ਉਹਨਾ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦਾ ਉਚੇਚਾ ਜ਼ਿਕਰ ਕੀਤਾ।ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਜਿੱਥੇ ਉਸ ਦੇ ਨਿਕੜੀ ਉਮਰ ਦੇ ਵਡੇਰੇ ਕਾਰਜਾਂ ਨੂੰ ਸਿਜਦਾ ਕਰਨਾ ਬਣਦਾ ਹੈ, ਉਥੇ ਉਹਨਾ ਦੇ ਨਾਲ ਸਿਦਕਦਿਲੀ ਨਾਲ ਕੰਮ ਕਰਦੀ ਰਹੀ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸੌਵੀਂ ਵਰ੍ਹੇਗੰਢ ਮੌਕੇ ਔਰਤਾਂ ਦੀ ਮਹੱਤਵਪੂਰਨ ਇਤਿਹਾਸਕ ਭੂਮਿਕਾ ਤੋਂ ਵੀ ਸਬਕ ਲੈਣ ਦੀ ਲੋੜ ਹੈ। ਉਹਨਾ ਜੋਰ ਦੇ ਕੇ ਕਿਹਾ ਕਿ ਲੋਕ ਲਹਿਰ ਔਰਤਾਂ ਦੇ ਡਟਵੇਂ ਸਾਥ ਤੋਂ ਬਿਨਾਂ ਸਫਲਤਾ ਦੇ ਅੰਬਰ ਨਹੀਂ ਛੋਹ ਸਕਦੀ।
ਉਹਨਾ ਕਿਹਾ ਕਿ ਫਾਸ਼ੀ ਦੌਰ ਅੰਦਰ ਸਾਨੂੰ ਇਹ ਸਤਰਾਂ ਜ਼ਿਹਨ ਵਿਚ ਵਸਾਉਣ ਦੀ ਲੋੜ ਹੈ, ‘ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ, ਇਹ ਨਾ ਸੋਚ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।’
ਉਹਨਾ ਕਿਹਾ ਕਿ ਭਾਵੇਂ ਝੱਖੜ-ਤੂਫ਼ਾਨ ਵੀ ਮੂੰਹ ਨੇ, ਪਰ ਚਿਰਾਗ਼ ਵੀ ਜਗ ਰਹੇ ਨੇ। ਉਹਨਾ ਖਾਸ ਕਰਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ,
‘ਹੋਇਆ ਕੀ ਜੇ ਆਈ ਪਤਝੜ, ਤੂੰ ਅਗਲੀ ਰੁੱਤੇ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਦਾ ਹਾਂ ਕਿਤਿਓਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।’
ਉਹਨਾ ਕਿਹਾ ਕਿ ਅੱਜ ਵਡੇਰੇ ਹਮਲਿਆਂ ਦੇ ਦੌਰ ਅੰਦਰ ਬੁੱਧੀਜੀਵੀਆਂ, ਲੇਖਕਾਂ, ਵਿਦਵਾਨਾਂ, ਵਿਦਿਆਰਥੀਆਂ, ਕਲ਼ਮ ਕਲਾ ਦੇ ਖੇਤਰ ਅਤੇ ਕਿਰਤੀ ਕਿਸਾਨਾਂ ਨੂੰ ਸਿਰ ਜੋੜ ਕੇ ਆਪਣੀਆਂ ਨਵੀਂਆਂ ਯੂਨੀਵਰਸਿਟੀਆਂ ਲੋਕ ਮਿਲਣੀ ਦੀਆਂ ਯੂਨੀਵਰਸਿਟੀਆਂ ਵਿੱਚ ਨਵੇਂ ਵਰਕੇ ਲਿਖਣ ਦੀ ਲੋੜ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਬਿਨਾਂ ਸ਼ੱਕ ਪਹਿਲਗਾਮ ਦੀ ਘਟਨਾ ਹਿਰਦੇਵੇਦਕ, ਅਫਸੋਸਨਾਕ ਹੈ, ਪਰ ਇਸ ਘਟਨਾ ਨੇ ਜੋ ਅਮੁੱਲੀਆਂ ਮਿਸਾਲਾਂ ਸਾਹਮਣੇ ਲਿਆਂਦੀਆਂ ਕਿ ਕਿਵੇਂ ਸਮਾਜ ਦੇ ਸਾਰੇ ਭਾਈਚਾਰੇ ਔਖੀਆਂ ਘੜੀਆਂ ਵਿੱਚ ਇੱਕ-ਦੂਜੇ ਦੇ ਸੰਗੀ-ਸਾਥੀ ਬਣ ਕੇ ਖੜੇ ਹਨ, ਇਹਨਾਂ ਕਦਰਾਂ-ਕੀਮਤਾਂ ਨੂੰ ਉਚਿਆਉਣ ਦੀ ਬਜਾਏ ਸਾਡੇ ਸਮੇਂ ਦੇ ਹੁਕਮਰਾਨ ਆਪਣੀ ਸੌੜੀ ਰਾਜਨੀਤੀ ਦੇ ਫੁਲਕੇ ਸੇਕਣ ਲਈ ਫਿਰਕੂ ਨਫਰਤ ਦੀ ਹਨੇਰੀ ਵਗਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਉਹਨਾ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਦਾ ਭਵਿੱਖ਼ ਸੁਰੱਖਿਅਤ ਬਣਾਉਣ ਲਈ ਉਹਨਾਂ ਨੂੰ ਆਪਣੇ ਇਤਿਹਾਸ ਅਤੇ ਆਪਣੀ ਵਿਰਾਸਤ ਨਾਲ ਜੁੜਨ ਦੀ ਲੋੜ ਹੈ।
ਸਮਾਗਮ ਵਿੱਚ ਕਮੇਟੀ ਮੈਂਬਰ ਅਤੇ ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਹਰਮੇਸ਼ ਮਾਲੜੀ, ਪ੍ਰਗਟ ਸਿੰਘ ਜਾਮਾਰਾਏ ਵੀ ਹਾਜ਼ਰ ਸਨ। ਉਹਨਾਂ ਤੋਂ ਇਲਾਵਾ ਲਾਇਬਰੇਰੀ ਦੇ ਵਿਦਿਆਰਥੀਆਂ, ਪੱਤਰਕਾਰਾਂ, ਮਜ਼ਦੂਰਾਂ ਅਤੇ ਬੇਜ਼ਮੀਨੇ ਕਿਰਤੀ ਲੋਕਾਂ ਦੇ ਪ੍ਰਤੀਨਿਧੀਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ‘ਸਮੇਂ ਨੂੰ ਸਰਾਭਿਆਂ ਦੀ ਲੋੜ’ ਦਾ ਸੁਨੇਹਾ ਦੇਣ ’ਚ ਸਫ਼ਲ ਰਿਹਾ।