ਮੂਸੇਵਾਲਾ ਕੇਸ ’ਚ ਗਵਾਹ ਸਾਬਕਾ ਥਾਣੇਦਾਰ ਦਾ ਦੇਹਾਂਤ

0
204

ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗਵਾਹ ਅਤੇ ਉਸ ਵੇਲੇ ਦੇ ਥਾਣਾ ਸਿਟੀ ਮਾਨਸਾ-1 ਦੇ ਮੁਖੀ ਅੰਗਰੇਜ਼ ਸਿੰਘ ਦਾ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ। ਉਹ ਕਰੀਬ ਦੋ ਵਰ੍ਹੇ ਪਹਿਲਾਂ ਰਿਟਾਇਰ ਹੋ ਚੁੱਕੇ ਸਨ ਅਤੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ। ਜਦੋਂ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਉਸ ਵੇਲੇ ਅੰਗਰੇਜ਼ ਸਿੰਘ ਐੱਸ ਐੱਚ ਓ ਥਾਣਾ ਸਿਟੀ-ਮਾਨਸਾ 1 ਸਨ। ਉਹ ਮਾਮਲੇ ’ਚ ਮੁੱਖ ਗਵਾਹਾਂ ’ਚੋਂ ਇੱਕ ਸਨ। 23 ਮਈ ਨੂੰ ਹੀ ਉਨ੍ਹਾ ਦੀ ਮਾਮਲੇ ’ਚ ਮਾਨਸਾ ਅਦਾਲਤ ਵਿੱਚ ਪੇਸ਼ੀ ਸੀ ਤੇ ਅਦਾਲਤ ਨੇ ਉਨ੍ਹਾ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ।
ਮੁਕੁਲ ਦੇਵ ਨਹੀਂ ਰਹੇ
ਮੁੰਬਈ : ਬਾਲੀਵੁੱਡ ਅਦਾਕਾਰ ਮੁਕੁਲ ਦੇਵ (54) ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਜ਼ੇਰੇ ਇਲਾਜ ਸਨ। ਮੁਕੁਲ ਦੇਵ ਨੇ ਫਿਲਮ ‘ਸਨ ਆਫ ਸਰਦਾਰ’ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੁਕੁਲ ਦੇਵ ਆਖਰੀ ਵਾਰ ਹਿੰਦੀ ਫਿਲਮ ‘ਐਟ ਦਿ ਐਂਡ’ ਵਿਚ ਦਿਵਿਆ ਦੱਤਾ ਨਾਲ ਨਜ਼ਰ ਆਏ ਸਨ। ਉਨ੍ਹਾ ਕਈ ਟੀ ਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਸੀ।
ਕੋਰੋਨਾ ਪੀੜਤ ਨਿਕਲੀ
ਨੋਇਡਾ : ਇੱਥੋਂ ਦੀ ਇੱਕ 55 ਸਾਲਾ ਔਰਤ ਦੇ ਕੋਵਿਡ-19 ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਸ ਦੇ ਪਰਵਾਰਕ ਮੈਂਬਰਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਔਰਤ ਨੇ 14 ਮਈ ਨੂੰ ਰੇਲ ਗੱਡੀ ਵਿੱਚ ਯਾਤਰਾ ਕੀਤੀ ਸੀ।