ਵਿਨੀਪੈੱਗ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ’ਤੇ ਵੱਡੀ ਟਿੱਪਣੀ ਕੀਤੀ ਹੈ, ਜਿਸ ਵਿੱਚ 376 ਭਾਰਤੀ ਪਰਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਕਾਰਨੀ ਨੇ ਕਿਹਾ, ‘1914 ਵਿੱਚ ਕਾਮਾਗਾਟਾ ਮਾਰੂ ਸਟੀਮ ਸ਼ਿਪ ਨੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਬੰਦਰਗਾਹ ਵਿੱਚ ਲੰਗਰ ਲਾਇਆ ਗਿਆ ਸੀ। ਜਹਾਜ਼ ਵਿੱਚ ਸਵਾਰ 376 ਸਿੱਖ, ਮੁਸਲਿਮ ਅਤੇ ਹਿੰਦੂ ਧਰਮ ਦੇ ਲੋਕ ਸ਼ਰਨ ਅਤੇ ਸਨਮਾਨ ਦੀ ਮੰਗ ਕਰਦੇ ਹੋਏ ਪਹੁੰਚੇ ਸਨ।’
ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ਦੀ ਯਾਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ਉਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ, ਕੈਨੇਡੀਅਨ ਅਧਿਕਾਰੀਆਂ ਨੇ ਵਿਦੇਸ਼ੀਆਂ ਸੰਬੰਧੀ ਅਤੇ ਪੱਖਪਾਤੀ ਕਾਨੂੰਨਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਯਾਤਰੀਆਂ ਦੇ ਦੁੱਖ ਨੂੰ ਯਾਦ ਕਰਦਿਆਂ ਕਾਰਨੀ ਨੇ ਕਿਹਾ ਕਿ ਯਾਤਰੀਆਂ ਨੂੰ ਦੋ ਮਹੀਨਿਆਂ ਲਈ ਜਹਾਜ਼ ਵਿੱਚ ਕੈਦ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਡਾਕਟਰੀ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਜਾਂ ਤਾਂ ਜੇਲ੍ਹ ਭੇਜ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, ‘ਕਾਮਾਗਾਟਾ ਮਾਰੂ ਦੁਖਾਂਤ ਇਸ ਗੱਲ ਦੀ ਸਪੱਸ਼ਟ ਯਾਦ ਦਿਵਾਉਂਦਾ ਹੈ ਕਿ ਸਾਡੇ ਇਤਿਹਾਸ ਦੇ ਕੁਝ ਖਾਸ ਪਲਾਂ ’ਤੇ ਕੈਨੇਡਾ ਉਨ੍ਹਾਂ ਕਦਰਾਂ-ਕੀਮਤਾਂ ਤੋਂ ਕਿਵੇਂ ਵਾਂਝਾ ਰਹਿ ਗਿਆ।’ਕਾਰਨੀ ਨੇ ਕਿਹਾ, ‘ਅਸੀਂ ਅਤੀਤ ਨੂੰ ਦੁਬਾਰਾ ਨਹੀਂ ਲਿਖ ਸਕਦੇ, ਪਰ ਸਾਨੂੰ ਇਸ ਦਾ ਸਾਹਮਣਾ ਕਰਨਾ ਹੋਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਤਰ੍ਹਾਂ ਦੀਆਂ ਬੇਇਨਸਾਫੀਆਂ ਕਦੇ ਨਾ ਦੁਹਰਾਈਆਂ ਜਾਣ। ਆਓ, ਅਸੀਂ ਇੱਕ ਅਜਿਹਾ ਭਵਿੱਖ ਬਣਾਈਏ, ਜਿੱਥੇ ਸ਼ਮੂਲੀਅਤ ਇੱਕ ਨਾਅਰਾ ਨਾ ਹੋ ਕੇ ਇੱਕ ਹਕੀਕਤ ਬਣ ਜਾਵੇ।’’





