ਨਵੀਂ ਦਿੱਲੀ : ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਵੱਲੋਂ ਪਹਿਲਗਾਮ ਕਾਂਡ ਬਾਰੇ ਦਿੱਤੇ ਬਿਆਨ ’ਤੇ ਆਪੋਜ਼ੀਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਾ ਸਿਰਫ ਮੁਆਫੀ ਮੰਗਣ, ਸਗੋਂ ਜਾਂਗੜਾ ਨੂੰ ਭਾਜਪਾ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। 75 ਸਾਲਾ ਜਾਂਗੜਾ ਨੇ ਸਨਿੱਚਰਵਾਰ ਭਿਵਾਨੀ ’ਚ ਮਾਲਵਾ ਸਾਮਰਾਜ ਦੀ ਮਹਾਰਾਣੀ ਅਹਿਲਿਆਬਾਈ ਹੋਲਕਰ ਦੀ ਜੈਅੰਤੀ ’ਤੇ ਭਾਜਪਾ ਵੱਲੋਂ ਕਰਵਾਈ ਗਈ ਗੋਸ਼ਟੀ ਵਿੱਚ ਕਿਹਾ, ‘ਜੇ ਇਨ੍ਹਾਂ ਸੈਲਾਨੀਆਂ ਨੂੰ ਉਹ ਟਰੇਨਿੰਗ ਮਿਲੀ ਹੁੰਦੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣਾ ਚਾਹੁੰਦੇ ਹਨ ਤਾਂ ਤਿੰਨ ਦਹਿਸ਼ਤਗਰਦ 26 ਲੋਕਾਂ ਨੂੰ ਮਾਰ ਨਹੀਂ ਸਕਦੇ ਸਨ। ਸਾਡੀਆਂ ਬਹਾਦਰ ਭੈਣਾਂ ਦੇ ਪਤੀਆਂ ਨੂੰ ਉਨ੍ਹਾਂ ਦੇ ਸਾਹਮਣੇ ਨਹੀਂ ਮਾਰਿਆ ਜਾ ਸਕਦਾ ਸੀ, ਜੇ ਉਨ੍ਹਾਂ ਅਹਿਲਿਆਬਾਈ ਦਾ ਇਤਿਹਾਸ ਪੜ੍ਹਿਆ ਹੁੰਦਾ। ਉਹ ਹੱਥ ਜੋੜ ਕੇ ਆਪਣੇ ਪਤੀਆਂ ਦੀ ਜਾਨ ਦੀ ਭੀਖ ਮੰਗਦੀਆਂ ਰਹੀਆਂ, ਕਿਉਕਿ ਉਨ੍ਹਾਂ ਵਿੱਚ ਵੀਰਾਂਗਣਾਂ ਵਾਲਾ ਜਜ਼ਬਾ ਨਹੀਂ ਸੀ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਸ਼ਰਮਨਾਕ ਬਿਆਨ ਲਈ ਪ੍ਰਧਾਨ ਮੰਤਰੀ ਨਾ ਸਿਰਫ ਮੁਆਫੀ ਮੰਗਣ, ਸਗੋਂ ਜਾਂਗੜਾ ਨੂੰ ਪਾਰਟੀ ਵਿੱਚੋਂ ਵੀ ਕੱਢਣ। ਉਨ੍ਹਾ ਕਿਹਾ ਕਿ ਸ਼ਹੀਦਾਂ ਤੇ ਉਨ੍ਹਾਂ ਦੇ ਪਰਵਾਰਾਂ ਦੀ ਬੇਇੱਜ਼ਤੀ ਕਰਨੀ ਭਾਜਪਾ ਆਗੂਆਂ ਦੀ ਆਦਤ ਬਣ ਗਈ ਹੈ। ਇਹ ਬਿਆਨ ਸੱਤਾ ਦੇ ਨਸ਼ੇ ਵਿੱਚ ਚੂਰ ਮਾਨਸਿਕਤਾ ਨੂੰ ਵੀ ਉਜਾਗਰ ਕਰਦਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਬਿਆਨ ਏਨਾ ਘਿ੍ਰਣਤ ਹੈ ਕਿ ਨਿੰਦਾ ਸ਼ਬਦ ਵੀ ਇਸ ਲਈ ਛੋਟਾ ਪੈ ਜਾਵੇਗਾ। ਉਜ ਭਾਜਪਾ ਮਹਿਲਾਵਾਂ ਦੀ ਪੂਜਾ ਦੀ ਗੱਲ ਕਰਦੀ ਹੈ, ਪਰ ਅਸਲੀਅਤ ਵਿੱਚ ਉਨ੍ਹਾਂ ਨੂੰ ਬੇਇੱਜ਼ਤ ਕਰਨ ਤੇ ਨੀਵਾਂ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ। ਇਸੇ ਦੌਰਾਨ ਜਾਂਗੜਾ ਨੇ ਚਾਰ ਮਿੰਟ ਦੀ ਵੀਡੀਓ ਜਾਰੀ ਕਰਕੇ ਸਫਾਈ ਦਿੱਤੀ ਹੈ ਕਿ ਉਨ੍ਹਾ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾ ਕਿਹਾ, ‘ਮੈਂ ਇਹ ਗੱਲ ਉਸ ਸੰਦਰਭ ਵਿੱਚ ਕਹੀ ਸੀ ਕਿ ਸਾਡੇ ਇਤਿਹਾਸ ’ਚ ਸਾਨੂੰ ਸਿਰਫ ਮੁਗਲਾਂ ਤੇ ਅੰਗਰੇਜ਼ਾਂ ਬਾਰੇ ਪੜ੍ਹਾਇਆ ਗਿਆ, ਪਰ 2014 ਦੇ ਬਾਅਦ ਸਾਡੇ ਵੀਰ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਜਾਣ ਲੱਗਾ, ਜਿਸ ਨਾਲ ਨੌਜਵਾਨਾਂ ਵਿੱਚ ਬਹਾਦਰੀ ਦੀ ਭਾਵਨਾ ਆਈ। ਮੈਂ ਨਹੀਂ ਮੰਨਦਾ ਕਿ ਸਾਡੀਆਂ ਭੈਣਾਂ ਕਮਜ਼ੋਰ ਹਨ, ਉਹ ਬਹਾਦਰ ਹਨ। ਬਸ ਉਨ੍ਹਾਂ ਵਿੱਚ ਰਾਣੀ ਲਕਸ਼ਮੀ ਬਾਈ ਤੇ ਅਹਿਲਿਆਬਾਈ ਹੋਲਕਰ ਵਰਗੀ ਭਾਵਨਾ ਜਾਗਰਤ ਕਰਨ ਦੀ ਲੋੜ ਹੈ। ਜੇ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਮੈਨੂੰ ਮੁਆਫੀ ਮੰਗਣ ਵਿੱਚ ਕੋਈ ਇਤਰਾਜ਼ ਨਹੀਂ।’ ਇਹ ਉਹੀ ਜਾਂਗੜਾ ਹਨ, ਜਿਨ੍ਹਾ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ 700 ਕੁੜੀਆਂ ਗਾਇਬ ਹੋ ਗਈਆਂ, ਜਿਸ ਲਈ ਪੰਜਾਬ ਵਿੱਚ ਨਸ਼ਾ ਕਰਨ ਵਾਲੇ ਜ਼ਿੰਮੇਵਾਰ ਹਨ।


