ਜਲੰਧਰ : ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਮਾਓਵਾਦੀਆਂ ਤੇ ਨਕਸਲਾਈਟਾਂ ਦੇ ਖਾਤਮੇ ਦੇ ਬਹਾਨੇ ਜੰਗਲ ਤੇ ਉਥੋਂ ਦੇ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦਾ ਕੰਮ ਕਰ ਰਹੀ ਹੈ। ਖੱਬੀਆਂ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਇਸ ਅਹਿਮ ਮਸਲੇ ’ਤੇ ਵਿਚਾਰ ਕਰਕੇ 10 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾਈ ਕਨਵੈਨਸ਼ਨ ਕਰਨ ਦਾ ਨਿਰਣਾ ਲਿਆ ਗਿਆ ਹੈ।
ਇਸ ਸੰਬੰਧੀ ਮੀਟਿੰਗ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾਈ ਆਗੂ ਪਿਰਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਐੱਮ ਐੱਲ (ਨਿਊ ਡੈਮੋਕਰੇਸੀ) ਦੇ ਸੂਬਾ ਆਗੂ ਅਜਮੇਰ ਸਿੰਘ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਆਗੂ ਗੁਰਮੀਤ ਸਿੰਘ ਬਖਤਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਕੰਵਲਜੀਤ ਖੰਨਾ, ਲੋਕ ਸੰਗਰਾਮ ਮੋਰਚਾ ਦੇ ਸੂਬਾਈ ਆਗੂ ਰਜੇਸ਼ ਮਲਹੋਤਰਾ ਅਤੇ ਯੂ ਸੀ ਪੀ ਆਈ ਦੇ ਸੂਬਾਈ ਆਗੂ ਕਿਰਨਜੀਤ ਸਿੰਘ ਸੇਖੋਂ ਮੁੱਖ ਤੌਰ ’ਤੇ ਹਾਜ਼ਰ ਸਨ।ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਮਾਓਵਾਦੀਆਂ ਤੇ ਨਕਸਲਬਾੜੀਆਂ ਨੂੰ ਖਤਮ ਕਰਨ ਦੀ ਨੀਤੀ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।ਹਕੀਕਤ ਇਹ ਹੈ ਕਿ ਸਰਕਾਰ ਜਲ, ਜੰਗਲ ਤੇ ਉਥੇ ਪਾਏ ਜਾਂਦੇ ਕੁਦਰਤੀ ਸਰੋਤਾਂ ਨੂੰ ਕਾਰਪੋਰੇਟਾਂ ਨੂੰ ਵੇਚੀ ਜਾ ਰਹੀ ਹੈ।ਮਾਓਵਾਦੀ ਤੇ ਨਕਸਲਾਈਟ ਸਰਕਾਰ ਦੀ ਇਸ ਨੀਤੀ ਦੀ ਵਿਰੋਧਤਾ ਕਰਦੇ ਹਨ।ਸਰਕਾਰ ਵਿਰੋਧ ਕਰਨ ਵਾਲੇ ਲੋਕਾਂ ਦਾ ਕਤਲੇਆਮ ਕਰ ਰਹੀ ਹੈ।ਛਤੀਸਗੜ੍ਹ ਦੇ ਬਸਤਰ ਆਦਿ ਇਲਾਕਿਆਂ ਵਿੱਚ ਸਰਕਾਰ ਨੇ ਮਾਓਵਾਦੀਆਂ ਦੇ ਨਾਂਅ ’ਤੇ ਆਦਿਵਾਸੀਆਂ ਨੂੰ ਵੀ ਵੱਡੀ ਪੱਧਰ ’ਤੇ ਮਾਰਨ ਜਾਂ ਜੇਲ੍ਹਾਂ ਅੰਦਰ ਡੱਕਣ ਦਾ ਕੰਮ ਕੀਤਾ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ।ਆਦਿਵਾਸੀਆਂ ਦੇ ਬੱਚਿਆਂ ’ਤੇ ਸਰਕਾਰ ਵੱਲੋਂ ਜ਼ੁਲਮ ਢਾਹਿਆ ਜਾ ਰਿਹਾ ਹੈ।ਇਸੇ ਤਰ੍ਹਾਂ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਨੇ ਸੰਗਰੂਰ ਇਲਾਕੇ ਵਿੱਚ ਜਗੀਰਦਾਰਾਂ ਦੀਆਂ ਜ਼ਮੀਨਾਂ ਇਕੁਆਇਰ ਕਰਕੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਵੰਡਣ ਲਈ ਸੰਘਰਸ਼ ਸ਼ੁਰੂ ਕੀਤਾ ਹੈ।ਇਸ ਸੰਘਰਸ਼ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡੀ ਪੱਧਰ ’ਤੇ ਕਿਸਾਨ ਮਰਦਾਂ ਤੇ ਔਰਤਾਂ ਨੂੰ ਜੇਲ੍ਹੀਂ ਡੱਕਿਆ ਹੋਇਆ ਹੈ।ਮੀਟਿੰਗ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਜ਼ਮੀਨਾਂ ਇਕੁਆਇਰ ਕਰਕੇ ਬੇਜ਼ਮੀਨੇ ਲੋਕਾਂ ਨੂੰ ਦੇਵੇ, ਜੋ ਕਿਸਾਨ ਮਰਦ ਤੇ ਔਰਤਾਂ ਜੇਲ੍ਹਾਂ ਵਿੱਚ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਮਹਿਕਮੇ ਗਲਾਡਾ ਨੇ 24000 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਠਾਣੀ ਹੋਈ ਹੈ।ਸਰਕਾਰ ਦੀ ਇਸ ਲੋਕ ਉਜਾੜੂ ਨੀਤੀ ਵਿੱਚ ਲੁਧਿਆਣਾ ਦੇ 41 ਪਿੰਡ, 5 ਮੋਗਾ, 3 ਫਿਰੋਜ਼ਪੁਰ ਅਤੇ ਇੱਕ ਪਿੰਡ ਨਵਾਂ ਸ਼ਹਿਰ ਦਾ ਆਉਦਾ ਹੈ।ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਸਰਕਾਰ ਦੀ ਇਸ ਨੀਤੀ ਨਾਲ ਕਿੰਨੇ ਲੋਕ ਬੇਰੁਜ਼ਗਾਰ ਹੋਣਗੇ।ਇਨ੍ਹਾਂ ਮਸਲਿਆਂ ਨੂੰ ਲੈ ਕੇ ਖੱਬੀਆਂ ਪਾਰਟੀਆਂ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਨਵੈਨਸ਼ਨ ਕਰਨ ਤੋਂ ਬਾਅਦ ਰੋਹ ਭਰਪੂਰ ਮਾਰਚ ਵੀ ਕੀਤਾ ਜਾਵੇਗਾ।ਮੀਟਿੰਗ ਵਿੱਚ ਰਣਜੀਤ ਸਿੰਘ ਔਲਖ, ਪਰਗਟ ਸਿੰਘ ਜਾਮਾਰਾਏ ਤੇ ਕੁਲਵਿੰਦਰ ਸਿੰਘ ਵੜੈਚ ਵੀ ਹਾਜ਼ਰ ਸਨ।





