ਨਵੀਂ ਦਿੱਲੀ : ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਬੀ ਵੀ ਆਰ ਸੁਬਰਾਮਨੀਅਮ ਨੇ ਕੌਮਾਂਤਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਾਪਾਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਉਨ੍ਹਾ ਕਿਹਾ, ‘ਭਾਰਤ ਦਾ ਅਰਥਚਾਰਾ ਚਾਰ ਖਰਬ ਅਮਰੀਕੀ ਡਾਲਰ ਦੇ ਅੰਕੜੇ ਤੱਕ ਪਹੁੰਚ ਗਿਆ ਹੈ। ਭਾਰਤ ਨਾਲੋਂ ਵੱਡੇ ਅਰਥਚਾਰਿਆਂ ਵਿੱਚ ਸਿਰਫ ਅਮਰੀਕਾ, ਚੀਨ ਤੇ ਜਰਮਨੀ ਸ਼ਾਮਲ ਹਨ ਅਤੇ ਜੇ ਅਸੀਂ ਆਪਣੀ ਯੋਜਨਾ ਅਤੇ ਸੋਚ-ਵਿਚਾਰ ’ਤੇ ਟਿਕੇ ਰਹਿੰਦੇ ਹਾਂ, ਤਾਂ ਇਹ ਅਗਲੇ ਦੋ-ਢਾਈ ਤੋਂ ਲੈ ਕੇ ਤਿੰਨ ਸਾਲਾਂ ਦੀ ਗੱਲ ਹੈ, ਅਸੀਂ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵਾਂਗੇ।’




