ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਵਾਲੀ ਮੋਦੀ ਸਰਕਾਰ ਨੂੰ ਜੜ੍ਹੋਂ ਉਖਾੜ ਸੁੱਟਣ ਦਾ ਸਮਾਂ ਆ ਗਿਆ : ਬੰਤ ਬਰਾੜ

0
205

ਲੁਧਿਆਣਾ : ਦੇਸ਼ ਦੀ ਏਕਤਾ, ਅਖੰਡਤਾ ਦੀ ਰਾਖੀ ਲਈ ਸ਼ਹੀਦ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਸ਼ਹੀਦ ਗੁਰਮੇਲ ਸਿੰਘ ਹੂੰਝਣ ਅਤੇ ਜੋਗਿੰਦਰ ਸਿੰਘ ਦੀ 36ਵੀਂ ਬਰਸੀ ਮੌਕੇ ਸ਼ਹੀਦੀ ਸਮਾਗਮ ’ਤੇ ਹਾਜ਼ਰ ਸੈਂਕੜੇ ਲੋਕਾਂ ਨੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਬੋਲਦਿਆਂ ਪ੍ਰਮੁੱਖ ਬੁਲਾਰੇ ਸੀ ਪੀ ਆਈ ਦੇ ਪੰਜਾਬ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਹਰ ਪਾਸਿਓਂ ਫੇਲ੍ਹ ਹੋ ਚੁੱਕੀ ਹੈ। ਲੋਕਾਂ ਦੇ ਮਸਲੇ ਤਾਂ ਵਧਦੇ ਹੀ ਜਾ ਰਹੇ ਹਨ। ਬੇਰੁਜ਼ਗਾਰੀ ਵਧ ਰਹੀ ਹੈ, ਸਿੱਖਿਆ ਤੇ ਸਿਹਤ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ, ਇਸਤਰੀਆਂ ਤੇ ਦਲਿਤਾਂ ’ਤੇ ਅੱਤਿਆਚਾਰ ਵਧ ਰਹੇ ਹਨ। ਇਹਨਾਂ ਹਾਲਾਤ ਵਿੱਚ ਲੋਕ ਅੰਦੋਲਨ ਉਭਰ ਰਹੇ ਹਨ, ਪਰ ਆਰ ਐੱਸ ਐੱਸ ਦੀ ਥਾਪੜੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਕਾਇਦਾ ਯੋਜਨਾਬੱਧ ਢੰਗ ਨਾਲ ਫਿਰਕੂ ਲੀਹਾਂ ’ਤੇ ਸਮਾਜ ਵਿੱਚ ਵੰਡ ਪਾਈ ਜਾ ਰਹੀ ਹੈ। ਘੱਟ ਗਿਣਤੀਆਂ ’ਤੇ ਹਮਲੇ ਹੋ ਰਹੇ ਹਨ, ਵਿਸ਼ੇਸ਼ ਕਰ ਮੁਸਲਮਾਨਾਂ ਖਿਲਾਫ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਬਿਆਂ ਦੇ ਅਧਿਕਾਰਾਂ ’ਤੇ ਸੱਟ ਮਾਰੀ ਜਾ ਰਹੀ ਹੈ। ਕਾਮਿਆਂ ਅਤੇ ਕਿਸਾਨਾਂ ਦੇ ਹੱਕਾਂ ਦਾ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਸੰਘਰਸ਼ ਕਰਕੇ ਪ੍ਰਾਪਤ ਕੀਤੇ ਹੋਏ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ, ਇਥੋਂ ਤੱਕ ਕਿ ਉਹਨਾਂ ਦੇ ਯੂਨੀਅਨ ਬਣਾਉਣ ਦੇ ਅਧਿਕਾਰਾਂ ਨੂੰ ਵੀ ਚਾਰ ਕੋਡਾਂ ਰਾਹੀਂ ਸਮਾਪਤ ਕਰਨ ਦੀ ਪੂਰੀ ਸਾਜ਼ਿਸ਼ ਚੱਲ ਰਹੀ ਹੈ। ਵਿਸ਼ਾਲ ਕਿਸਾਨ ਅੰਦੋਲਨ ਦੇ ਦਬਾਅ ਹੇਠ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਤੋਂ ਬਾਅਦ ਸਰਕਾਰ ਪੂਰੀ ਤਰ੍ਹਾਂ ਮੁੱਕਰ ਗਈ ਹੈ ਤੇ ਕਿਸਾਨੀ ਮੰਗਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ। ਦੇਸ਼ ਦਾ ਸਾਰਾ ਧਨ ਕੌਡੀਆਂ ਦੇ ਭਾਅ ਚੰਦ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ ਦੂਜੇ ਪਾਸੇ ਆਮ ਲੋਕਾਂ ’ਤੇ ਜੀ ਐੱਸ ਟੀ ਤੇ ਹੋਰ ਟੈਕਸਾਂ ਰਾਹੀਂ ਬੋਝ ਪਾਇਆ ਜਾ ਰਿਹਾ ਹੈ। ਵਿਦੇਸ਼ ਨੀਤੀ ਪੱਖੋਂ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿੱਥੇ ਸਾਡੇ ਜਾਂਬਾਜ਼ ਫੌਜੀਆਂ ਨੇ ਸਿਰ ਤਲੀ ’ਤੇ ਧਰ ਕੇ ਪਾਕਿਸਤਾਨ ਦੇ ਅੰਦਰ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਕੀਤੇ, ਉਥੇ ਵਿਸ਼ਵ ਪੱਧਰ ’ਤੇ ਕੂਟਨੀਤਕ ਤੌਰ ’ਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ, ਕਿਉਕਿ ਦੁਨੀਆ ਦਾ ਕੋਈ ਵੀ ਦੇਸ਼ ਕੇਵਲ ਇਜ਼ਰਾਇਲ ਤੇ ਤਾਲਿਬਾਨ ਨੂੰ ਛੱਡ ਕੇ ਭਾਰਤ ਦੇ ਹੱਕ ਵਿੱਚ ਨਹੀਂ ਬੋਲਿਆ। ਹੁਣ ਸਫਾਈਆਂ ਦੇਣ ਲਈ ਟੀਮਾਂ ਵਿਦੇਸ਼ਾਂ ਨੂੰ ਭੇਜੀਆਂ ਜਾ ਰਹੀਆਂ ਹਨ, ਜਿਹੜੀਆਂ ਕਿ ਬੇਲੋੜੀਆਂ ਹਨ। ਸਰਕਾਰ ਨੂੰ ਪਹਿਲਾਂ ਹੀ ਪਹਿਲਗਾਮ ਵਿੱਚ ਸੁਰੱਖਿਆ ਦੀ ਘਾਟ ਨਹੀਂ ਸੀ ਹੋਣ ਦੇਣੀ ਚਾਹੀਦੀ ਅਤੇ ਉਥੇ ਹੱਤਿਆਵਾਂ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਪ੍ਰਮਾਣ ਦੇਣੇ ਚਾਹੀਦੇ ਸਨ ਕਿ ਉਹ ਪਾਕਿਸਤਾਨ ਤੋਂ ਆਏ ਹਨ। ਮੁੰਬਈ ਵਿੱਚ ਹੋਟਲ ਤਾਜ ’ਤੇ ਹਮਲੇ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਵੇਲੇ ਕਸਾਬ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਸਾਰੀ ਦੁਨੀਆ ਨੂੰ ਪ੍ਰਮਾਣ ਦਿੱਤੇ ਗਏ, ਜਿਸ ਕਰਕੇ ਸਾਰੀ ਦੁਨੀਆ ਸਾਡੇ ਨਾਲ ਖੜੀ ਹੋਈ, ਪਰ ਅੱਜ ਪ੍ਰਧਾਨ ਮੰਤਰੀ ਫਿਲਮੀ ਅੰਦਾਜ਼ ਵਿੱਚ ਥੋਥੇ ਭਾਸ਼ਣ ਦੇ ਕੇ ਕਿ ਮੇਰੀਆਂ ਰਗਾਂ ਵਿੱਚ ਸਿੰਧੂਰ ਦੌੜ ਰਿਹਾ ਹੈ, ਵਰਗੀਆਂ ਹੋਛੀਆਂ ਗੱਲਾਂ ਕਰਕੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਵਾਰੀ ਵੀ ਉਹਨਾ ਅੱਤਵਾਦੀ ਹਿੰਸਾ ਵਿੱਚ ਮਾਰੇ ਗਏ ਪਰਵਾਰ ਜਨਾਂ ਨਾਲ ਕੋਈ ਹਮਦਰਦੀ ਨਹੀਂ ਜਤਾਈ। ਜਦੋਂ ਹਿਮਾਂਸ਼ੀ ਨਰਵਾਲ, ਜਿਸ ਦਾ ਕਿ ਜਲ ਸੈਨਾ ਦਾ ਲੈਫਟੀਨੈਂਟ ਪਤੀ ਸ਼ਹੀਦ ਹੋਇਆ ਸੀ, ਦੀ ਆਰ ਐੱਸ ਅੱੈਸ ਤੇ ਭਾਜਪਾ ਦੀਆਂ ਸਹਿਯੋਗੀ ਇਕਾਈਆਂ ਵੱਲੋਂ ਟਰੋਲਿੰਗ ਹੋਣ ਲੱਗੀ, ਉਸ ਬਾਰੇ ਵੀ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ। ਜਦੋਂ ਫੇਰ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਮਿਸਰੀ ਦੀ ਟਰੋਲਿੰਗ ਹੋਈ, ਉਦੋਂ ਵੀ ਪ੍ਰਧਾਨ ਮੰਤਰੀ ਚੁੱਪ ਰਹੇ। ਇਸ ਤੋਂ ਸਾਫ ਦਿਖਦਾ ਹੈ ਕਿ ਪ੍ਰਧਾਨ ਮੰਤਰੀ ਦੀ ਦੇਸ਼ ਦੀ ਸੁਰੱਖਿਆ ਵਿੱਚ ਜਾਂ ਦੇਸ਼ ਦੀ ਸੁਰੱਖਿਆ ਵਿੱਚ ਲੱਗੇ ਜਾਂਬਾਜ਼ ਲੋਕਾਂ ਲਈ ਕੋਈ ਹਮਦਰਦੀ ਨਹੀਂ।
ਕੇਂਦਰੀ ਕਾਰਜਕਾਰਨੀ ਦੇ ਮੈਂਬਰ ਗੁਲਜ਼ਾਰ ਸਿੰਘ ਗੋਰੀਆ ਨੇ ਸਾਰੇ ਆਏ ਹੋਏ ਸਾਥੀਆਂ ਦਾ ਸੁਆਗਤ ਕਰਦੇ ਹੋਏ ਅਜੋਕੇ ਹਾਲਾਤ ਵਿੱਚ ਪੇਂਡੂ ਗਰੀਬ ਜਨਤਾ ਦੀ ਕਮਜ਼ੋਰ ਹੋਣ ਦੀ ਹਾਲਤ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਛੱਤੀਸਗੜ੍ਹ ਵਿੱਚ ਭਾਜਪਾ ਸਰਕਾਰ ਵੱਲੋਂ ਲਗਾਤਾਰ ਮਾਓਵਾਦੀਆਂ ਦੇ ਬਹਾਨੇ ਆਦਿਵਾਸੀਆਂ ਦੀਆਂ ਹੱਤਿਆਵਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾ ਮੰਗ ਕੀਤੀ ਕਿ ਇਹਨਾਂ ਹਤਿਆਵਾਂ ਦੀ ਜੁਡੀਸ਼ੀਅਲ ਜਾਂਚ ਕੀਤੀ ਜਾਵੇ।
ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ ਪੰਜਾਬ ਦੇ ਨਿਘਰਦੇ ਹਾਲਾਤ ’ਤੇ ਡੂੰਘੀ ਚਿੰਤਾ ਜਤਾਈ। ਉਹਨਾ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਨਸ਼ੇ ਉਵੇਂ ਹੀ ਚੱਲ ਰਹੇ ਹਨ, ਰੇਤ ਤੇ ਜ਼ਮੀਨੀ ਮਾਫ਼ੀਆ ਉਵੇਂ ਹੀ ਭਾਰੀ ਹੈ। ਜ਼ਿਲ੍ਹਾ ਪਾਰਟੀ ਦੇ ਵਿੱਤ ਸਕੱਤਰ ਐੱਮ ਐੱਸ ਭਾਟੀਆ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ 24 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਕੇ ਖੁਦ ਹੀ ਕਲੋਨਾਈਜ਼ਰ ਬਣਨ ਜਾ ਰਹੀ ਹੈ ਤੇ ਉਪਜਾਊ ਜ਼ਮੀਨ ਨੂੰ ਉਜਾੜਨ ਵਿੱਚ ਲੱਗੀ ਹੋਈ ਹੈ। ਇਹਨਾਂ ਸਭ ਵਿਸ਼ਿਆਂ ’ਤੇ ਵੱਡੇ ਸੰਘਰਸ਼ਾਂ ਦੀ ਲੋੜ ਹੈ। ਇਹ ਦੁੱਖ ਦੀ ਗੱਲ ਹੈ ਕਿ ਵਿਦੇਸ਼ ਨੀਤੀ ਵਿੱਚ ਅਸੀਂ ਇਜ਼ਰਾਇਲ ਦੇ ਨਾਲ ਖੜੇ ਹਾਂ, ਜਦੋਂ ਕਿ ਇਜ਼ਰਾਇਲ ਵੱਲੋਂ ਹਜ਼ਾਰਾਂ ਲੋਕਾਂ ਦੀ, ਸਣੇ ਛੋਟੇ ਬੱਚਿਆਂ ਦੀ, ਹੱਤਿਆ ਕੀਤੀ ਗਈ ਤੇ ਹੁਣ ਉਹ ਭੁੱਖਮਰੀ ਨਾਲ ਉਹਨਾਂ ਨੂੰ ਮਾਰਨ ’ਤੇ ਤੁਲਿਆ ਹੋਇਆ ਹੈ। ਭਾਰਤ ਸਰਕਾਰ ਨੂੰ ਇਜ਼ਰਾਇਲ ’ਤੇ ਦਬਾਅ ਪਾ ਕੇ ਅਜੋਕੇ ਮਨੁੱਖੀ ਸੰਕਟ ਨੂੰ ਜੋ ਕਿ ਗਾਜ਼ਾ ਵਿੱਚ ਫੈਲਿਆ ਹੋਇਆ ਹੈ, ਰੋਕਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਯੂਕਰੇਨ ਤੇ ਰੂਸ ਦੇ ਵਿਚਾਲੇ ਯੁੱਧ ਤੇ ਹੋਰ ਦੁਨੀਆਂ ਦੇ ਇਲਾਕਿਆਂ ਵਿੱਚ ਚੱਲ ਰਹੇ ਤਣਾਅ ਦੇ ਕਾਰਨ ਪ੍ਰਮਾਣੂ ਹਥਿਆਰਾਂ ਦਾ ਖਤਰਾ ਬਹੁਤ ਬਣਿਆ ਹੋਇਆ ਹੈ।
ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਰਮੇਸ਼ ਰਤਨ ਚੇਅਰਮੈਨ ਕੰਟਰੋਲ ਕਮਿਸ਼ਨ ਸੀ ਪੀ ਆਈ ਪੰਜਾਬ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਨਵਲ ਛਿੱਬੜ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਵੀ ਸਨ। ਮੰਚ ਸੰਚਾਲਨ ਗੁਲਜ਼ਾਰ ਪੰਧੇਰ ਨੇ ਕੀਤਾ। ਭਗਵਾਨ ਸਿੰਘ ਬਲਾਕ ਸਕੱਤਰ ਨੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਇਲਾਕੇ ਦੇ ਸਿਰਕੱਢ ਪਾਰਟੀ ਆਗੂ, ਜਿਨ੍ਹਾਂ ਆਪਣੇ ਜੀਵਨ ਵਿੱਚ ਵੱਡੇ ਵੱਡੇ ਸੰਘਰਸ਼ ਕੀਤੇ, ਦੇ ਪਰਵਾਰਾਂ ਨੂੰ ਬੁਲਾ ਕੇ ਸਨਮਾਨਤ ਕੀਤਾ ਗਿਆ। ਬੱਚਿਆਂ ਨੂੰ ਉਹਨਾਂ ਦੇ ਪੜ੍ਹਾਈ ਵਿੱਚ ਚੰਗੇ ਨੰਬਰ ਲਿਆਉਣ ’ਤੇ ਉਤਸ਼ਾਹਤ ਕਰਨ ਲਈ ਕਾਮਰੇਡ ਗੁਰਮੇਲ ਸਿੰਘ ਹੂੰਝਣ ਦੀ ਪਤਨੀ ਸ਼ਰਨਜੀਤ ਕੌਰ ਵੱਲੋਂ ਹੌਸਲਾ-ਅਫ਼ਜ਼ਾਈ ਦੇ ਰੂਪ ਵਿੱਚ ਇਨਾਮ ਵੰਡਣ ਲਈ ਸਹਿਯੋਗ ਰਾਸ਼ੀ ਦਿੱਤੀ ਗਈ। ਇਨਾਮ ਵੰਡ ਦਾ ਕਾਰਜ ਪਿ੍ਰੰਸੀਪਲ ਜਗਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਵੀਸ਼ਰੀ ਜੱਥਿਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਗੁਰਮੇਲ ਸਿੰਘ ਹੂੰਝਣ ਦੇ ਭਰਾ ਕੁਲਵੰਤ ਸਿੰਘ ਅਤੇ ਜੋਗਿੰਦਰ ਸਿੰਘ ਦੀ ਪਤਨੀ ਹਰਬੰਸ ਕੌਰ ਨੇ ਕੀਤੀ। ਉਪਰੋਕਤ ਤੋਂ ਇਲਾਵਾ ਚਮਕੌਰ ਸਿੰਘ, ਵਿਜੇ ਕੁਮਾਰ, ਅਵਤਾਰ ਛਿੱਬੜ, ਗੁਰਮੇਲ ਮੈਲਡੇ, ਕੁਲਵੰਤ ਕੌਰ ਸਿੱਧੂ, ਅਵਤਾਰ ਸਿੰਘ ਗਗੜਾ, ਕਾਮੇਸ਼ਵਰ ਯਾਦਵ, ਨਿਰੰਜਨ ਸਿੰਘ, ਗੁਰਮੇਲ ਸਿੰਘ ਮੇਹਲੀ, ਚਰਨ ਸਰਾਭਾ ਅਤੇ ਮਲਕੀਤ ਮਾਲੜਾ ਆਦਿ ਮੌਜੂਦ ਸਨ।