ਵਪਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਬੋਰਡ ਦਾ ਗਠਨ ਹੋਵੇਗਾ

0
104

ਨਾਭਾ (ਵਰਿੰਦਰ ਵਰਮਾ)
ਜਲਦ ਹੀ ਇੱਕ ਅਜਿਹੇ ਬੋਰਡ ਦਾ ਗਠਨ ਕੀਤਾ ਜਾਏਗਾ, ਜੋ ਕਿ ਪੰਜਾਬ ਦੇ ਵਪਾਰ ਅਤੇ ਵਪਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ। ਇਹ ਐਲਾਨ ਐਤਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹਲਕਾ ਨਾਭਾ ਵਿਖੇ ਅਗਰਵਾਲ ਸਭਾ ਵੱਲੋਂ ਕਰਵਾਏ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਦੇ ਛੋਟੇ ਅਤੇ ਵੱਡੇ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਜਲਦ ਹੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕੀਤਾ ਜਾਏਗਾ। ਉਹਨਾਂ ਅਗਰਵਾਲ ਸਮਾਜ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਪਾਰੀਆਂ ਨੂੰ ਸਿਰਫ ਨੋਟ ਬੈਂਕ ਨਹੀਂ ਬਲਕਿ ਵੋਟ ਬੈਂਕ ਬਣ ਕੇ ਆਪਣੇ ਮਿਆਰ ਨੂੰ ਚੁੱਕਣਾ ਚਾਹੀਦਾ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ ਅਤੇ ਇਸ ਦਾ ਸਮਰਥਨ ਕਰਨਾ ਹਰ ਕਿਸੇ ਦਾ ਨੈਤਿਕ ਫ਼ਰਜ਼ ਹੈ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਨਸ਼ਿਆਂ ਦਾ ਸਰਾਪ ਖ਼ਤਮ ਨਹੀਂ ਹੋ ਜਾਂਦਾ।ਇਸ ਮੌਕੇ ਮਾਨ ਅਤੇ ਕੇਜਰੀਵਾਲ ਵੱਲੋਂ ਮਹਾਰਾਜਾ ਅਗਰਸੈਨ ਸਮਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਅੱਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਗਰਗ, ਸਰਪ੍ਰਸਤ ਸੂਰਜ ਭਾਨ ਸਿੰਗਲਾ, ਚੇਅਰਮੈਨ ਅਸ਼ੋਕ ਬਾਂਸਲ, ਪ੍ਰਧਾਨ ਰਵਨੀਸ਼ ਗੋਇਲ, ਜਨਰਲ ਸਕੱਤਰ ਨਿਤਿਨ ਜੈਨ, ਕੈਸ਼ੀਅਰ ਐਡਵੋਕੇਟ ਨਰੇਸ਼ ਸਿੰਗਲਾ ਵੱਲੋਂ ਮਾਨ, ਕੇਜਰੀਵਾਲ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਲਕੀਤ ਗਰੁੱਪ ਦੇ ਐੱਮ ਡੀ ਚਰਨ ਸਿੰਘ, ਚੇਅਰਮੈਨ ਸੁਰਿੰਦਰ ਪਾਲ ਸ਼ਰਮਾ, ਕਰਮਜੀਤ ਸਿੰਘ ਭੋਲੀ, ਕੌਂਸਲਰ ਰੋਜੀ ਨਾਗਪਾਲ, ਵਿਨੇ ਗੁਪਤਾ, ਗ਼ੁਲਾਬ ਮਾਨ, ਤੇਜਿੰਦਰ ਸਿੰਘ ਖਹਿਰਾ, ਵਿਕਾਸ ਮਿੱਤਲ, ਸੁਨੀਲ ਗੁਪਤਾ ਆਦਿ ਅੱਗਰਵਾਲ ਸਮਾਜ ਦੇ ਪਰਵਾਰ ਹਾਜ਼ਰ ਸਨ।