ਲਾਲੂ ਵੱਲੋਂ ਵੱਡਾ ਮੁੰਡਾ ਬੇਦਖਲ

0
160

ਪਟਨਾ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਐਤਵਾਰ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਉਸ ਦੇ ‘ਗੈਰ-ਜ਼ਿੰਮੇਵਾਰਾਨਾ ਵਿਹਾਰ’ ਕਾਰਨ ਪਾਰਟੀ ’ਚੋਂ ਕੱਢ ਦਿੱਤਾ ਅਤੇ ਉਸ ਨਾਲ ਪਰਵਾਰਕ ਸੰਬੰਧ ਵੀ ਤੋੜ ਲਏ।
ਲਾਲੂ ਪ੍ਰਸਾਦ ਨੇ ਦੁਪਹਿਰ ਸਮੇਂ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਇੱਕ ਪੋਸਟ ਵਿੱਚ ਇਹ ਐਲਾਨ ਕਰਦਿਆਂ ਕਿਹਾ, ‘ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਅਣਦੇਖੀ ਸਮਾਜੀ ਨਿਆਂ ਲਈ ਸਾਡੇ ਸਮੂਹਕ ਸੰਘਰਸ਼ ਨੂੰ ਕਮਜ਼ੋਰ ਕਰਦੀ ਹੈ। ਵੱਡੇ ਪੁੱਤਰ ਦੀਆਂ ਗਤੀਵਿਧੀਆਂ, ਜਨਤਕ ਆਚਰਨ ਅਤੇ ਗੈਰ-ਜ਼ਿੰਮੇਵਾਰਾਨਾ ਵਿਹਾਰ ਸਾਡੀਆਂ ਪਰਵਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਮੁਤਾਬਕ ਨਹੀਂ ਹਨ। ਉਪਰੋਕਤ ਹਰਕਤਾਂ ਕਾਰਨ ਮੈਂ ਉਸ ਨੂੰ ਪਾਰਟੀ ਅਤੇ ਪਰਵਾਰ ਤੋਂ ਕੱਢਦਾ ਹਾਂ। ਹੁਣ ਤੋਂ ਉਸ ਦੀ ਪਾਰਟੀ ਅਤੇ ਪਰਵਾਰ ਵਿੱਚ ਕਿਸੇ ਕਿਸਮ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਸ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ।’ ਇਹ ਕਦਮ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਵੱਲੋਂ ਇੱਕ ਫੇਸਬੁਕ ਪੋਸਟ ’ਤੇ ਇਹ ਕਹਿਣ ਮਗਰੋਂ ਚੁੱਕਿਆ ਗਿਆ ਕਿ ਉਹ ਇੱਕ ਔਰਤ ਨਾਲ ‘ਰਿਲੇਸ਼ਨਸ਼ਿਪ ਵਿੱਚ’ ਹੈ, ਪਰ ਬਾਅਦ ਵਿੱਚ ਉਸ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਉਸ ਦਾ ਖਾਤਾ ‘ਹੈਕ’ ਕੀਤਾ ਗਿਆ ਸੀ। ਹਾਲਾਂਕਿ, ਇਹ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਅਤੇ ਕਈ ਲੋਕਾਂ ਨੇ ਤੇਜ ਪ੍ਰਤਾਪ (37) ਨੂੰ ਉਸ ਦੇ ਸ਼ਾਦੀਸ਼ੁਦਾ ਹੋਣ ਬਾਰੇ ਯਾਦ ਕਰਵਾਇਆ, ਜੋ 2018 ਵਿੱਚ ਕਾਫੀ ਧੂਮਧਾਮ ਨਾਲ ਹੋਈ ਸੀ। ਤੇਜ ਪ੍ਰਤਾਪ ਨੇ ਸਨਿੱਚਰਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਜਾਰੀ ਇੱਕ ਪੋਸਟ ਵਿੱਚ ਕਿਹਾ, ‘ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹੈਕ ਕਰ ਕੇ ਮੇਰੀਆਂ ਤਸਵੀਰਾਂ ਗਲਤ ਢੰਗ ਨਾਲ ਐਡਿਟ ਕਰ ਕੇ ਮੈਨੂੰ ਅਤੇ ਮੇਰੇ ਪਰਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ। ਮੈਂ ਆਪਣੇ ਸ਼ੁਭਚਿੰਤਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਅਫਵਾਹ ਵੱਲ ਧਿਆਨ ਨਾ ਦੇਣ।’