ਪੁਤਿਨ ਪਾਗਲ ਹੋ ਗਿਐ : ਟਰੰਪ

0
85

ਵਾਸ਼ਿੰਗਟਨ : ਰੂਸ ਵੱਲੋਂ ਲਗਾਤਾਰ ਤੀਜੀ ਰਾਤ ਕੀਵ ਤੇ ਹੋਰਨਾਂ ਯੂਕਰੇਨੀ ਸ਼ਹਿਰਾਂ ’ਤੇ ਕੀਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਉਹ ‘ਪੂਰੀ ਤਰ੍ਹਾਂ ਪਾਗਲ ਹੋ ਗਿਆ’ ਹੈ। ਟਰੰਪ ਨੇ ਐਤਵਾਰ ਰਾਤੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਲਿਖਿਆ, ‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੇਰੇ ਹਮੇਸ਼ਾ ਬਹੁਤ ਚੰਗੇ ਰਿਸ਼ਤੇ ਰਹੇ ਹਨ, ਪਰ ਉਨ੍ਹਾ ਨੂੰ ਕੁਝ ਹੋ ਗਿਆ ਹੈ, ਉਹ ਬਿਲਕੁਲ ਪਾਗਲ ਹੋ ਗਏ ਹਨ।’
ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਪੁਤਿਨ ਪੂਰੇ ਯੂਕਰੇਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤਾਂ ਇਹ ਰੂਸ ਨੂੰ ਪਤਨ ਵੱਲ ਲੈ ਜਾਵੇਗਾ। ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਲੈ ਕੇ ਵੀ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, ‘ਉਹ ਜਿਸ ਤਰ੍ਹਾਂ ਨਾਲ ਗੱਲ ਕਰ ਰਿਹਾ ਹੈ, ਉਸ ਨਾਲ ਉਹ ਆਪਣੇ ਮੁਲਕ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਰਿਹਾ। ਉਸ ਦੇ ਮੂੰਹ ’ਚੋਂ ਨਿਕਲੀ ਹਰ ਗੱਲ ਮੁਸ਼ਕਲਾਂ ਪੈਦਾ ਕਰਦੀ ਹੈ। ਮੈਨੂੰ ਇਹ ਪਸੰਦ ਨਹੀਂ ਤੇ ਚੰਗਾ ਹੋਵੇਗਾ ਜੇ ਇਸ ਨੂੰ ਰੋਕਿਆ ਜਾਵੇ।’