ਚੰਡੀਗੜ੍ਹ : ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਇਹ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਮਵਾਰ ਕੀਤਾ। ਪਿਛਲੇ ਵਰ੍ਹੇ ਇਹ ਛੁੱਟੀਆਂ ਮਈ ਮਹੀਨੇ ਹੋ ਗਈਆਂ ਸਨ।
ਹਮਲੇ ’ਚ ਹੌਲਦਾਰ ਦੀ ਮੌਤ
ਨੋਇਡਾ : ਇੱਥੇ ਡਕੈਤੀ ਦੇ ਮਾਮਲੇ ਵਿੱਚ ਲੋੜੀਂਦੇ ਕਾਦਿਰ ਨੂੰ ਗਾਜ਼ੀਆਬਾਦ ਵਿੱਚ ਫੜਨ ਗਈ ਨੋਇਡਾ ਪੁਲਸ ਟੀਮ ਦੇ 28 ਸਾਲਾ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੀ ਸੀ ਪੀ (ਦਿਹਾਤੀ) ਸੁਰਿੰਦਰ ਨਾਥ ਤਿਵਾੜੀ ਨੇ ਦੱਸਿਆ ਕਿ ਜਦੋਂ ਟੀਮ ਕਾਦਿਰ ਨੂੰ ਫੜ ਕੇ ਲਿਆ ਰਹੀ ਸੀ, ਤਾਂ ਪੰਚਾਇਤ ਭਵਨ ਦੇ ਨੇੜੇ ਲੁਕੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ, ਪੱਥਰਬਾਜ਼ੀ ਕੀਤੀ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹੈੱਡ ਕਾਂਸਟੇਬਲ ਸੌਰਭ ਕੁਮਾਰ ਦੇਸ਼ਵਾਲ ਦੇ ਸਿਰ ਵਿੱਚ ਗੋਲੀ ਲੱਗੀ। ਸਬ-ਇੰਸਪੈਕਟਰ ਸਚਿਨ ਰਾਠੀ, ਉਦਿਤ ਸਿੰਘ, ਸੁਮਿਤ, ਨਿਖਿਲ ਜ਼ਖਮੀ ਹੋ ਗਏ। ਇਸ ਦੌਰਾਨ ਕਾਦਿਰ ਫਰਾਰ ਹੋ ਗਿਆ, ਪਰ ਬਾਅਦ ਵਿੱਚ ਫੜ ਲਿਆ ਗਿਆ।
ਦਿੱਲੀ ’ਚ 104 ਕੇਸ
ਨਵੀਂ ਦਿੱਲੀ : ਦਿੱਲੀ ਵਿੱਚ 104 ਐਕਟਿਵ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਹਫਤੇ 24 ਮਰੀਜ਼ ਠੀਕ ਵੀ ਹੋਏ ਹਨ। ਸਰਕਾਰ ਮੁਤਾਬਕ ਕਿਸੇ ਵੀ ਮੌਤ ਦੀ ਰਿਪੋਰਟ ਨਹੀਂ ਹੈ।
ਸੀ ਆਰ ਪੀ ਐੱਫ ਜਵਾਨ ਗਿ੍ਰਫਤਾਰ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਇੱਥੇ ਸੀ ਆਰ ਪੀ ਐੱਫ ਜਵਾਨ ਮੋਤੀ ਰਾਮ ਜਾਟ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜਾ ਕਥਿਤ ਤੌਰ ’ਤੇ 2023 ਤੋਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਕੌਮੀ ਸੁਰੱਖਿਆ ਨਾਲ ਸੰਬੰਧਤ ਜਾਣਕਾਰੀ ਸਾਂਝੀ ਕਰ ਰਿਹਾ ਸੀ ਤੇ ਫੰਡ ਪ੍ਰਾਪਤ ਕਰ ਰਿਹਾ ਸੀ। ਸਥਾਨਕ ਅਦਾਲਤ ਨੇ ਉਸ ਨੂੰ 6 ਜੂਨ ਤੱਕ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।




