ਅੰਮਿ੍ਰਤਸਰ : ਮੰਗਲਵਾਰ ਸਵੇਰੇ ਅੰਮਿ੍ਰਤਸਰ-ਮਜੀਠਾ ਬਾਈਪਾਸ ਰੋਡ ’ਤੇ ਪਿੰਡ ਨੌਸ਼ਹਿਰਾ ਨੇੜੇ ‘ਡੀਸੈਂਟ ਐਵੇਨਿਊ’ ਕੋਲ ਖਾਲੀ ਥਾਂ ਵਿੱਚ ਧਮਾਕੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਧਮਾਕੇ ਨਾਲ ਵਿਅਕਤੀ ਦੇ ਕੁਝ ਅੰਗ ਸਰੀਰ ਨਾਲੋਂ ਵੱਖ ਹੋ ਗਏ ਸਨ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।
ਬਾਰਡਰ ਰੇਂਜ ਦੇ ਡੀ ਆਈ ਜੀ ਸਤਿੰਦਰ ਸਿੰਘ ਅਤੇ ਜ਼ਿਲ੍ਹਾ ਦਿਹਾਤੀ ਪੁਲਸ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਤ ਹੈ ਅਤੇ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਵੀ ਅੱਤਵਾਦੀ ਜਥੇਬੰਦੀ ਦਾ ਮੈਂਬਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਇਸ ਉਜਾੜ ਅਤੇ ਖਾਲੀ ਥਾਂ ਤੋਂ ਵਿਸਫੋਟਕ ਸਮੱਗਰੀ ਲੈਣ ਵਾਸਤੇ ਆਇਆ ਸੀ ਅਤੇ ਧਮਾਕਾ ਹੋ ਗਿਆ। ਉਨ੍ਹਾ ਕਿਹਾ ਕਿ ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਹਥਿਆਰ ਜਾਂ ਵਿਸਫੋਟਕ ਸਮੱਗਰੀ ਨੂੰ ਕਿਸੇ ਉਜਾੜ ਜਾਂ ਖਾਲੀ ਥਾਂ ’ਤੇ ਛੱਡ ਦਿੱਤਾ ਜਾਂਦਾ ਹੈ ਅਤੇ ਕਿਸੇ ਦੂਜੇ ਵਿਅਕਤੀ ਨੂੰ ਉਥੋਂ ਪ੍ਰਾਪਤ ਕਰਨ ਲਈ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦਾ ਹੱਥ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਵਿਅਕਤੀ ਦੀ ਜੇਬ ਵਿੱਚੋਂ ਕੁਝ ਸਬੂਤ ਮਿਲੇ ਹਨ ਅਤੇ ਪੁਲਸ ਉਸ ਦੀ ਸ਼ਨਾਖਤ ਅਤੇ ਹੋਰ ਅਗਲੇਰੀ ਜਾਂਚ ਕਰ ਰਹੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਇੱਕ ਤੇਜ਼ ਆਵਾਜ਼ ਦਾ ਧਮਾਕਾ ਸੁਣਿਆ ਅਤੇ ਮੌਕੇ ’ਤੇ ਪੁੱਜੇ ਤਾਂ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ। ਜ਼ਖਮੀ ਹੋਏ ਵਿਅਕਤੀ ਦੇ ਕੋਲ ਹੀ ਕੋਈ ਵਿਸਫੋਟਕ ਸੀ, ਜਿਸ ਦੇ ਫਟਣ ਨਾਲ ਧਮਾਕਾ ਹੋਇਆ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਪੁਲਸ ਨੂੰ ਇਸ ਬਾਰੇ ਸੂਚਤ ਕੀਤਾ।




