ਪੰਚਕੂਲਾ ’ਚ ਸੱਤ ਜੀਅ ਮਰੇ ਮਿਲੇ

0
154

ਪੰਚਕੂਲਾ : ਇੱਥੇ ਸੈਕਟਰ 27 ਵਿੱਚ 26-27 ਮਈ ਦੀ ਦਰਮਿਆਨੀ ਰਾਤ ਦੇਹਰਾਦੂਨ ਨਾਲ ਸੰਬੰਧਤ ਪਰਵਾਰ ਦੇ ਸੱਤ ਜੀਅ ਮਰੇ ਮਿਲੇ। ਮਿ੍ਰਤਕਾਂ ਵਿੱਚ 42 ਸਾਲਾ ਪ੍ਰਵੀਨ ਮਿੱਤਲ, ਉਸ ਦੇ ਮਾਤਾ-ਪਿਤਾ, ਪਤਨੀ, ਦੋ ਧੀਆਂ ਤੇ ਇਕ ਪੁੱਤ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਪਰਵਾਰ ਵੱਡੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਸੀ, ਜਿਸ ਕਰਕੇ ਉਨ੍ਹਾਂ ਇਹ ਸਿਰੇ ਦਾ ਕਦਮ ਚੁੱਕਿਆ। ਕਾਰ ਵਿੱਚੋਂ ਇਕ ਨੋਟ ਵੀ ਮਿਲਿਆ ਹੈ, ਪਰ ਪੁਲਸ ਨੇ ਅਜੇ ਤੱਕ ਇਸ ਵਿਚਲੇ ਵੇਰਵੇ ਸਾਂਝੇ ਨਹੀਂ ਕੀਤੇ।
ਇੱਕ ਸਥਾਨਕ ਵਿਅਕਤੀ ਪੁਨੀਤ ਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਕ ਵਿਅਕਤੀ ਨਾਲ ਸੈਰ ਕਰ ਰਿਹਾ ਸੀ ਅਤੇ ਉਨ੍ਹਾਂ ਰਾਤ 10 ਵਜੇ ਦੇ ਕਰੀਬ ਕਾਰ ਦੇ ਦਰਵਾਜ਼ੇ ਤੋਂ ਤੌਲੀਆ ਲਟਕਦਾ ਦੇਖਿਆ। ਗੱਡੀ ਦਾ ਦਰਵਾਜ਼ਾ ਖੁਲ੍ਹਵਾਉਣ ’ਤੇ ਅੰਦਰ ਬੈਠੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਪੰਚਕੂਲਾ ਵਿੱਚ ਬਾਗੇਸ਼ਵਰ ਧਾਮ ਦੇ ਇੱਕ ਪ੍ਰੋਗਰਾਮ ਤੋਂ ਵਾਪਸ ਆਉਣ ’ਤੇ ਹੋਟਲ ਦਾ ਕਮਰਾ ਨਹੀਂ ਮਿਲ ਰਿਹਾ ਸੀ, ਇਸ ਲਈ ਉਹ ਅਤੇ ਉਸ ਦਾ ਪਰਵਾਰ ਕਾਰ ਵਿੱਚ ਸੌਂ ਰਹੇ ਹਨ। ਰਾਣਾ ਨੇ ਕਿਹਾ ਕਿ ਜਦੋਂ ਉਸ ਨੇ ਲਾਈਟ ਮਾਰ ਕੇ ਦੇਖਿਆ ਤਾਂ ਛੇ ਲੋਕ ਇੱਕ-ਦੂਜੇ ਦੇ ਉੱਪਰ ਬੇਹੋਸ਼ ਪਏ ਸਨ ਅਤੇ ਉਲਟੀਆਂ ਕੀਤੀਆਂ ਹੋਈਆਂ ਸਨ ਅਤੇ ਜਿਸ ਆਦਮੀ ਨਾਲ ਉਹ ਗੱਲ ਕਰ ਰਿਹਾ ਸੀ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੂੰ ਬਾਹਰ ਕੱਢਣ ਉਪਰੰਤ ਉਸ ਨੂੰ ਪਾਣੀ ਪਿਲਾਇਆ ਅਤੇ ਪੁੱਛਿਆ ਕਿ ਕੀ ਉਸ ਨੇ ਅੰਦਰਲੇ ਲੋਕਾਂ ਨੂੰ ਮਾਰਿਆ ਹੈ। ਰਾਣਾ ਨੇ ਕਿਹਾ, ‘ਫਿਰ ਉਸ ਨੇ ਮੈਨੂੰ ਦੱਸਿਆ ਕਿ ਉਸ ਦੇ ਸਾਰੇ ਪਰਵਾਰਕ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਹ ਵੀ ਪੰਜ ਮਿੰਟਾਂ ਵਿੱਚ ਮਰਨ ਵਾਲਾ ਹੈ ਅਤੇ ਫਿਰ ਉਹ ਡਿੱਗ ਪਿਆ।’ ਇਸ ਤੋਂ ਪਹਿਲਾਂ ਵਿਅਕਤੀ ਨੇ ਕਿਹਾ ਕਿ ਉਸ ’ਤੇ ਬੈਂਕਾਂ ਦਾ ਬਹੁਤ ਸਾਰਾ ਕਰਜ਼ਾ ਸੀ। ਉਨ੍ਹਾਂ ਦੇ ਰਿਸ਼ਤੇਦਾਰ ਅਮੀਰ ਸਨ, ਪਰ ਉਹ ਮਦਦ ਨਹੀਂ ਕਰ ਰਹੇ ਸਨ। ਪੰਚਕੂਲਾ ਦੇ ਡੀ ਸੀ ਪੀ ਹਿਮਾਦਰੀ ਕੌਸ਼ਿਕ ਨੇ ਕਿਹਾ, ‘ਪਹਿਲੀ ਨਜ਼ਰ ਵਿੱਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਹਾਲਾਂਕਿ ਹੋਰ ਜਾਂਚ ਜਾਰੀ ਹੈ।’
ਪ੍ਰਵੀਨ ਦੇ ਸਹੁਰੇ ਰਾਕੇਸ਼ ਨੇ ਪੰਚਕੂਲਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ, ਜਦੋਂ ਪੁਲਸ ਸਵੇਰੇ 4 ਵਜੇ ਪਿੰਜੌਰ ਵਿੱਚ ਉਨ੍ਹਾ ਦੇ ਘਰ ਪਹੁੰਚੀ। ਉਨ੍ਹਾ ਦੱਸਿਆ ਕਿ ਪਰਵਾਰ ਪੰਚਕੂਲਾ ਦੇ ਸਕੇਤੜੀ ਇਲਾਕੇ ਵਿੱਚ ਰਹਿ ਰਿਹਾ ਸੀ। ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਅਗਰਵਾਲ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਪ੍ਰਵੀਨ ਮਿੱਤਲ ਵਿੱਤੀ ਤੌਰ ’ਤੇ ਠੀਕ ਨਹੀਂ ਸੀ ਅਤੇ ਜਦੋਂ ਵੀ ਉਹ ਮਦਦ ਦੀ ਪੇਸ਼ਕਸ਼ ਕਰਦਾ ਸੀ ਤਾਂ ਇਨਕਾਰ ਕਰ ਦਿੰਦਾ ਸੀ। ਉਸ ਨੇ ਦੱਸਿਆ ਕਿ ਮਿੱਤਲ ਗੁਜ਼ਾਰਾ ਕਰਨ ਲਈ ਟੈਕਸੀ ਚਲਾ ਰਿਹਾ ਸੀ। ਸੰਦੀਪ ਨੇ ਦੱਸਿਆ ਕਿ ਇੱਕ ਸਮੇਂ ਮਿੱਤਲ ’ਤੇ ਕਰੀਬ 15 ਤੋਂ 20 ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਇਹ ਇੱਕ ਪੁਰਾਣਾ ਮਾਮਲਾ ਸੀ ਅਤੇ ਕਰਜ਼ੇ ਦਾ ਨਿਪਟਾਰਾ ਕਰਨ ਲਈ ਜੋ ਵੀ ਉਸ ਕੋਲ ਸੀ, ਜ਼ਬਤ ਕਰ ਲਿਆ ਸੀ।