ਜਲਾਲਾਬਾਦ (ਰਣਬੀਰ ਕੌਰ ਢਾਬਾਂ)
ਮੰਗਲਵਾਰ ਇੱਥੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਹਜ਼ਾਰਾਂ ਵਰਦੀਧਾਰੀ ਬਨੇਗਾ ਵਲੰਟੀਅਰਾਂ ਨੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਜਲਾਲਾਬਾਦ ਦੇ ਬਾਜ਼ਾਰਾਂ ਵਿੱਚ ਵਲੰਟੀਅਰ ਪੈਦਲ ਮਾਰਚ ਕਰਕੇ ਪੂਰਾ ਜਲਾਲਾਬਾਦ ਲਾਲੋ-ਲਾਲ ਕਰ ਦਿੱਤਾ। ਇਸ ਮਾਰਚ ਵਿੱਚ ਬਨੇਗਾ ਵਲੰਟੀਅਰਾਂ ਵੱਲੋਂ ਢੋਲ-ਢਮੱਕੇ ਨਾਲ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਪ੍ਰੋਗਰਾਮ ਦੇ ਪੰਡਾਲ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਪ੍ਰੋਗਰਾਮ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਅੰਮਿ੍ਰਤ ਕੌਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ ਨੇ ਕੀਤੀ। ਮਾਰਚ ਅਤੇ ਸੰਮੇਲਨ ਵਿੱਚ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਸੁੱਖਵਿੰਦਰ ਕੁਮਾਰ ਮਲੋਟ ਅਤੇ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਦੇ ਸੂਬਾ ਮੀਤ ਸਕੱਤਰ ਪਰਮਜੀਤ ਸਿੰਘ ਢਾਬਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ 44 ਕਰੋੜ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰ ਹਨ ਅਤੇ ਇਹਨਾਂ ਹਾਲਤਾਂ ਵਿੱਚ ਕਰੋੜਾਂ ਨੌਜਵਾਨ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਨਹੀਂ ਕਰ ਪਾ ਰਹੇ ਕਿਉਕਿ ਉਹਨਾਂ ਕੋਲ ਹਰ ਤਰ੍ਹਾਂ ਦੀ ਮਨੋ ਕਾਮਨਾ ਪੂਰਤੀ ਦਾ ਇੱਕੋ ਇੱਕ ਸਾਧਨ ਰੁਜ਼ਗਾਰ ਨਹੀਂ ਹੈ। ਨਿਰਾਸ਼ ਹੋਈ ਜਵਾਨੀ ਲਈ ਜ਼ਿੰਦਗੀ ਬੋਝਲ ਲੱਗਣ ਲਗਦੀ ਹੈ ਅਤੇ ਉਹ ਨਿਰਾਸ਼ਾ ਦੇ ਆਲਮ ਵਿੱਚ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੀ ਹੈ। ਉਹਨਾਂ ਸੱਦਾ ਦਿੰਦਿਆਂ ਕਿਹਾ ਕਿ ਆਓ ਬਨੇਗਾ ਵਲੰਟੀਅਰ ਬਣ ਕੇ ਬਨੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਈਏ ਕਿਉਕਿ ਬਨੇਗਾ ਦਾ ਅਮਲ ਹੀ ਹਰ ਇੱਕ ਨੌਜਵਾਨ ਦੇ ਦਿਲ ਦੀਆਂ ਖਵਾਇਸ਼ਾਂ ਦੀ ਪੂਰਤੀ ਕਰਕੇ ਖੁਸ਼ਹਾਲ ਜ਼ਿੰਦਗੀ ਦੀ ਗਰੰਟੀ ਕਰਦਾ ਹੈ। ਇਸ ਮੌਕੇ ਬਨੇਗਾ ਵਲੰਟੀਅਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਪਰਮਜੀਤ ਢਾਬਾਂ ਅਤੇ ਹਰਭਜਨ ਛੱਪੜੀ ਵਾਲਾ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਹਿਲਾਂ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਅਤੇ ਹੁਣ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਪਿਛਲੇ ਲੰਬੇ ਸਮੇਂ ਤੋਂ ਜਵਾਨੀ ਦੇ ਮੁੱਖ ਮੁੱਦੇ ਰੁਜ਼ਗਾਰ, ਮੁਫ਼ਤ ਅਤੇ ਲਾਜ਼ਮੀ ਵਿੱਦਿਆ ਅਤੇ ਹਰ ਇੱਕ ਲਈ ਮੁਫ਼ਤ ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਇਸ ਲਹਿਰ ਦਾ ਠੋਸ ਪ੍ਰੋਗਰਾਮ ਹੈ ਜੋ ਸਮਾਜ ਵਿੱਚ ਇਨ-ਬਿਨ ਲਾਗੂ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਹੁਸੈਨੀਵਾਲਾ ਤੋਂ 23 ਮਾਰਚ 2014 ਨੂੰ ਸ਼ੁਰੂ ਕੀਤਾ ਇਹ ਪ੍ਰੋਗਰਾਮ ਅੱਜ ਦੇਸ਼ ਦੀ ਬੇਰੁਜ਼ਗਾਰ ਜਵਾਨੀ ਦੀ ਮੁੱਖ ਮੰਗ ਬਣ ਗਿਆ ਹੈ ਅਤੇ ਨੌਜਵਾਨਾਂ, ਵਿਦਿਆਰਥੀਆਂ ਵੱਲੋਂ ਇਸੇ ਸਾਲ ਸਤੰਬਰ-ਅਕਤੂਬਰ ਦੇਸ਼-ਵਿਆਪੀ ਬਨੇਗਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਬਨੇਗਾ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਸੰਘਰਸ਼ ਜ਼ਰੂਰ ਰੰਗ ਲਿਆਏਗਾ।
ਜ਼ਿਕਰਯੋਗ ਹੈ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ ਜੋ ਹਰ ਇੱਕ ਲਈ ਜੋ ਚਾਹੁੰਦਾ ਹੈ, ਨੂੰ ਉਹਦੀ ਯੋਗਤਾ ਅਨੁਸਾਰ ਕੰਮ ਜਿਸ ਅਣਸਿੱਖਿਅਤ ਨੂੰ 35,000, ਅਰਧ ਸਿੱਖਿਅਤ ਨੂੰ 40,000, ਸਿੱਖਿਅਤ ਨੂੰ 45,000 ਅਤੇ ਉੱਚ ਸਿੱਖਿਅਤ ਨੂੰ 60,000 ਅਤੇ ਜੇਕਰ ਸਰਕਾਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦੇਣ ਦੀ ਵਿਵਸਥਾ ਹੋਵੇ; ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਵਿਸ਼ਾਲ ਵਲੰਟੀਅਰ ਮਾਰਚ ਨੂੰ ਅੱਗੇ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਬਨੇਗਾ ਕਾਨੂੰਨ ਹੁਣ ਦੇਸ਼ ਦੀ ਬੇਰੁਜ਼ਗਾਰ ਜਵਾਨੀ ਦੀ ਆਵਾਜ਼ ਬਣ ਚੁੱਕਿਆ ਹੈ ਇਸੇ ਕਰਕੇ ਜਵਾਨੀ ਨੂੰ ਇਹਦੇ ਵਿੱਚੋਂ ਆਪਣਾ ਉਜਵੱਲ ਦਿਖਦਾ ਹੈ। ਆਗੂਆਂ ਨੇ ਅੱਗੇ ਕਿਹਾ ਫਾਜ਼ਿਲਕਾ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਪੈਦਲ ਮਾਰਚ ਪੂਰੇ ਪੰਜਾਬ ਦੀ ਜਵਾਨੀ ਨੂੰ ਨਵਾਂ ਰਾਹ ਦਿਖਾਏਗਾ। ਇਸ ਮੌਕੇ ਏ ਆਈ ਐੱਸ ਐੱਫ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਮਲੋਟ ਅਤੇ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ ਨੇ ਕਿਹਾ ਕਿ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ’ਚ ਪਾਸ ਹੋਣਾ ਸਮੇਂ ਦੀ ਅਣਸਰਦੀ ਲੋੜ ਹੈ। ਆਗੂਆਂ ਨੇ ਨੌਜਵਾਨਾਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਕਾਬਲੇ ਤਾਰੀਫ ਹੈ ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਉਹਨਾਂ ਵਾਅਦਾ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਵਿਦਿਆਰਥੀਆਂ ਇਸ ਲਹਿਰ ਨੂੰ ਹੋਰ ਅੱਗੇ ਲਿਜਾਣ ਲਈ ਹਰ ਤਰ੍ਹਾਂ ਦੀ ਮਦਦ ਕਰਨਗੇ ਅਤੇ ਕਦੇ ਵੀ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਹਾਜ਼ਰ ਬਨੇਗਾ ਵਲੰਟੀਅਰਾਂ ਵੱਲੋਂ ਪੰਡਾਲ ਵਿੱਚ ਖੜੇ ਹੋ ਕੇ ਪ੍ਰਤਿੱਗਿਆ ਕੀਤੀ ਗਈ ਕਿ ਉਹ ਬਨੇਗਾ ਨੂੰ ਸਿਧਾਂਤਕ ਅਤੇ ਅਮਲ ਰੂਪ ਵਿੱਚ ਸਮਝਦਿਆਂ ਬਨੇਗਾ ਦਾ ਪ੍ਰਚਾਰ ਕਰਨਗੇ ਅਤੇ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਨੂੰ ਬਨੇਗਾ ਪ੍ਰਾਪਤੀ ਲਈ ਲਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜ੍ਹ ਭੈਣੀ, ਨਰਿੰਦਰ ਢਾਬਾਂ, ਸੋਨਾ ਸਿੰਘ ਧੁਨਕੀਆਂ, ਛਿੰਦਰ ਮਹਾਲਮ, ਗੁਰਦਿਆਲ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੰਜਨਾ ਢਾਬਾਂ, ਨੀਰਜ ਰਾਣੀ ਫਾਜ਼ਿਲਕਾ, ਸੰਦੀਪ ਜੋਧਾ, ਕਰਨੈਲ ਬੱਘੇ ਕੇ, ਬੇਰੁਜ਼ਗਾਰ ਟੈੱਟ ਪਾਸ ਬੀ ਐੱਡ ਯੂਨੀਅਨ ਦੇ ਪੰਜਾਬ ਪ੍ਰਧਾਨ ਜਸਵੰਤ ਘੁਬਾਇਆ, �ਿਸ਼ਨ ਧਰਮੂਵਾਲਾ, ਜੰਮੂ ਰਾਮ ਬੰਨਵਾਲਾ, ਬਲਵੰਤ ਚੌਹਾਣਾ, ਰਮੇਸ਼ ਪੀਰ ਮੁਹੰਮਦ, ਜੱਗਾ ਟਾਹਲੀਵਾਲਾ, ਰਾਧੇ ਸ਼ਾਮ ਸਿੰਘਪੁਰਾ, ਹਰਭਜਨ ਲਾਲ ਫਾਜ਼ਿਲਕਾ, ਮਹਿੰਦਰ ਪਾਲ ਭੀਮੇਸ਼ਾਹ ਜੰਡਵਾਲਾ ਸਰਪੰਚ, ਹਰਜੀਤ ਕੌਰ ਢੰਡੀਆਂ, ਸੁਸ਼ਮਾ ਗੋਲਡਨ, ਅਸ਼ੋਕ ਥਾਰਾ, ਕੁਲਦੀਪ ਬੱਖੂਸ਼ਾਹ, ਸੀਤਾ ਸਿੰਘ ਤੇਜਾ ਰੁਹੇਲਾ ਅਤੇ ਰਾਜਵਿੰਦਰ ਨਿਉਲਾ ਨੇ ਵੀ ਸੰਬੋਧਨ ਕੀਤਾ।





